SBI ਦੀ ਸੌਗਾਤ, ਤੁਹਾਡੀ EMI 'ਚ ਹੋਣ ਜਾ ਰਹੀ ਹੈ ਕਮੀ, ਜਾਣੋ ਕਿੰਨਾ ਫਾਇਦਾ

Monday, Jun 08, 2020 - 10:18 PM (IST)

SBI ਦੀ ਸੌਗਾਤ, ਤੁਹਾਡੀ EMI 'ਚ ਹੋਣ ਜਾ ਰਹੀ ਹੈ ਕਮੀ, ਜਾਣੋ ਕਿੰਨਾ ਫਾਇਦਾ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਐੱਮ. ਸੀ. ਐੱਲ. ਆਰ. ਦਰਾਂ 'ਚ 0.25 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ। 10 ਜੂਨ 2020 ਤੋਂ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਦੀ ਦਰ 7.25 ਫੀਸਦੀ ਤੋਂ ਘੱਟ ਕੇ 7 ਫੀਸਦੀ ਹੋ ਜਾਵੇਗੀ, ਜਿਸ ਨਾਲ ਲੋਨ ਦੀ ਈ. ਐੱਮ. ਈ. 'ਚ ਕਮੀ ਹੋਣ ਜਾ ਰਹੀ ਹੈ। ਬੈਂਕ ਵੱਲੋਂ ਲਗਾਤਾਰ 13ਵੀਂ ਵਾਰ ਇਸ 'ਚ ਕਟੌਤੀ ਕੀਤੀ ਗਈ ਹੈ। ਹੋਮ ਲੋਨ ਗਾਹਕਾਂ ਨੂੰ ਇਸ ਦਾ ਫਾਇਦਾ ਹੋਵੇਗਾ।


ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਮਈ 'ਚ ਰੇਪੋ ਦਰ 'ਚ 0.40 ਫੀਸਦੀ ਦੀ ਕਟੌਤੀ ਮਗਰੋਂ ਐੱਸ. ਬੀ. ਆਈ. ਨੇ ਉਧਾਰ ਦਰਾਂ 'ਚ ਕਟੌਤੀ ਕੀਤੀ ਹੈ। ਐੱਸ. ਬੀ. ਆਈ. ਨੇ ਮਈ 'ਚ ਫਿਕਸਡ ਡਿਪਾਜ਼ਿਟ ਦਰਾਂ ਨੂੰ ਦੋ ਵਾਰ ਘਟਾਇਆ ਹੈ, ਜਿਸ ਨਾਲ ਉਧਾਰ ਨੂੰ ਘੱਟ ਕਰਨ 'ਚ ਮਦਦ ਮਿਲੀ ਹੈ। ਰੇਪੋ ਦਰ 'ਚ ਕਟੌਤੀ ਮਗਰੋਂ ਐੱਸ. ਬੀ. ਆਈ. ਨੇ ਇਸ ਨਾਲ ਲਿੰਕਡ ਕਰਜ਼ ਦਰਾਂ 'ਚ 0.40 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਐੱਸ. ਬੀ. ਆਈ. ਦੇ ਬਾਹਰੀ ਬੈਂਚਮਾਰਕ ਨਾਲ ਜੁੜੀ ਉਧਾਰ ਦੇਣ ਦੀ ਦਰ (ਈ. ਬੀ. ਆਰ.) 1 ਜੁਲਾਈ 2020 ਤੋਂ 6.65 ਫੀਸਦੀ ਹੋ ਜਾਵੇਗੀ, ਜੋ ਹੁਣ 7.05 ਫੀਸਦੀ ਹੈ।

EMI 'ਚ 660 ਰੁ: ਤੱਕ ਦੀ ਹੋਵੇਗੀ ਬਚਤ
ਭਾਰਤੀ ਸਟੇਟ ਬੈਂਕ ਨੇ ਰੇਪੋ ਨਾਲ ਜੁੜੀ ਕਰਜ਼ ਦਰ (ਆਰ. ਐੱਲ. ਐੱਲ. ਆਰ.) ਨੂੰ ਵੀ 6.65 ਫੀਸਦੀ ਤੋਂ ਘਟਾ ਕੇ 6.25 ਫੀਸਦੀ ਕਰ ਦਿੱਤਾ ਹੈ। ਬੈਂਕ ਨੇ ਕਿਹਾ, ''ਇਸ ਹਿਸਾਬ ਨਾਲ ਐੱਮ. ਸੀ. ਐੱਲ. ਆਰ. ਦਰ ਨਾਲ ਜੁੜੇ ਰਿਹਾਇਸ਼ੀ ਕਰਜ਼ ਦੀ ਮਹੀਨਾਵਾਰ ਕਿਸ਼ਤ ਦੀ ਰਾਸ਼ੀ 'ਚ 421 ਰੁਪਏ ਦੀ ਕਮੀ ਹੋਵੇਗੀ। ਉੱਥੇ ਹੀ, ਈ. ਬੀ. ਆਰ. ਅਤੇ ਆਰ. ਐੱਲ. ਐੱਲ. ਆਰ. ਨਾਲ ਜੁੜੀ ਰਿਹਾਇਸ਼ੀ ਕਰਜ਼ ਦੀ ਮਹੀਨਾਵਾਰ  ਕਿਸ਼ਤ 'ਚ 660 ਰੁਪਏ ਦੀ ਕਮੀ ਆਵੇਗੀ। ਇਹ ਗਣਨਾ 30 ਸਾਲ ਦੀ ਮਿਆਦ ਦੇ 25 ਲੱਖ ਰੁਪਏ ਤੱਕ ਦੇ ਰਿਹਾਇਸ਼ੀ ਕਰਜ਼ 'ਤੇ ਕੀਤੀ ਗਈ ਹੈ।''


author

Sanjeev

Content Editor

Related News