SBI ਦੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਬੈਂਕ ਨੇ ਦਿੱਤੀ ਇਹ ਵੱਡੀ ਸੌਗਾਤ
Saturday, May 01, 2021 - 02:54 PM (IST)
ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਖਾਤਾਧਾਰਕਾਂ ਲਈ ਚੰਗੀ ਖ਼ਬਰ ਹੈ। ਬੈਂਕ ਨੇ ਹੋਮ ਲੋਨ ਫਿਰ ਸਸਤਾ ਕਰ ਦਿੱਤਾ ਹੈ। 30 ਲੱਖ ਰੁਪਏ ਤੱਕ ਦਾ ਹੋਮ ਲੋਨ ਹੁਣ 6.70 ਫ਼ੀਸਦੀ ਵਿਆਜ ਦਰ ਤੋਂ ਮਿਲੇਗਾ। ਜੇਕਰ ਹੋਮ ਲੋਨ 30 ਲੱਖ ਰੁਪਏ ਤੋਂ ਵੱਧ ਹੈ ਤਾਂ ਘੱਟੋ-ਘੱਟ ਵਿਆਜ ਦਰ 6.95 ਫ਼ੀਸਦੀ ਤੋਂ ਸ਼ੁਰੂ ਹੋਵੇਗੀ। ਬੈਂਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕ ਨੇ ਕਿਹਾ ਕਿ 6.95 ਫ਼ੀਸਦੀ ਦੀ ਦਰ 30 ਲੱਖ ਤੋਂ 75 ਲੱਖ ਰੁਪਏ ਦੇ ਘਰੇਲੂ ਕਰਜ਼ਿਆਂ ਤੇ ਲਾਗੂ ਹੋਵੇਗੀ। ਜੇਕਰ ਕਰਜ਼ਾ 75 ਲੱਖ ਤੋਂ ਵੱਧ ਹੈ ਤਾਂ ਵਿਆਜ ਦਰ 7.05 ਫ਼ੀਸਦੀ ਹੋਵੇਗੀ।
ਉੱਥੇ ਹੀ, ਭਾਰਤੀ ਸਟੇਟ ਬੈਂਕ ਦੀ ਬੈਂਕਿੰਗ ਐਪ ਯੋਨੋ ਤੋਂ ਕਰਜ਼ੇ ਲਈ ਅਰਜ਼ੀ ਦਿੰਦੇ ਹੋ ਤਾਂ ਤੁਹਾਨੂੰ ਵਿਆਜ ਦਰ ਵਿਚ 5 ਬੀ. ਪੀ. ਐੱਸ. ਯਾਨੀ 0.5 ਫ਼ੀਸਦੀ ਦੀ ਛੋਟ ਮਿਲੇਗੀ।
ਬੈਂਕ ਦੇ ਰਿਟੇਲ ਤੇ ਡਿਜੀਟਲ ਬੈਂਕਿੰਗ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਸੀ. ਸ਼ੈੱਟੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਨਵਾਂ ਫੈਸਲਾ ਘਰੇਲੂ ਕਰਜ਼ ਲੈਣ ਵਾਲਿਆਂ ਅਤੇ ਰੀਅਲ ਅਸਟੇਟ ਉਦਯੋਗ ਦੋਵਾਂ ਲਈ ਚੰਗਾ ਹੋਵੇਗਾ। ਗਾਹਕ ਯੋਨੋ ਜ਼ਰੀਏ ਹੋਮ ਲੋਨ ਲਈ ਅਰਜ਼ੀ ਦੇ ਕੇ 5 ਬੀ. ਪੀ. ਦੀ ਹੋਰ ਛੋਟ ਪ੍ਰਾਪਤ ਕਰ ਸਕਦੇ ਹਨ। ਗੌਰਤਲਬ ਹੈ ਕਿ ਦੇਸ਼ ਵਿਚ ਘਰੇਲੂ ਕਰਜ਼ੇ ਦੀਆਂ ਦਰਾਂ ਪਿਛਲੇ ਡੇਢ ਸਾਲ ਤੋਂ ਆਪਣੇ ਇਤਿਹਾਸਕ ਹੇਠਲੇ ਪੱਧਰ 'ਤੇ ਹਨ। ਐੱਚ. ਡੀ. ਐੱਫ. ਸੀ. ਲਿਮਟਿਡ ਵੀ 6.70 ਫ਼ੀਸਦੀ 'ਤੇ ਘਰੇਲੂ ਕਰਜ਼ੇ ਦੀ ਪੇਸ਼ਕਸ਼ ਕਰ ਰਿਹਾ ਹੈ। ਕੋਟਕ ਮਹਿੰਦਰਾ ਸਭ ਤੋਂ ਘੱਟ 6.65 ਫ਼ੀਸਦੀ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਐੱਲ. ਆਈ. ਸੀ. ਹਾਊਸਿੰਗ ਅਤੇ ਯੂਨੀਅਨ ਬੈਂਕ ਵਰਗੀਆਂ ਸੰਸਥਾਵਾਂ ਵੀ 6.80 ਤੋਂ 6.95 ਫ਼ੀਸਦੀ ਵਿਚਕਾਰ ਹੋਮ ਲੋਨ ਦੀ ਪੇਸ਼ਕਸ਼ ਕਰ ਰਹੀਆਂ ਹਨ।