ਸਟੀਲ ਉਤਪਾਦਨ 'ਚ ਨੁਕਸਾਨ ਹੁੰਦਾ ਹੋ ਜਾਏ, ਜਾਨਾਂ ਬਚਾਉਣਾ ਜ਼ਰੂਰੀ : ਜਿੰਦਲ
Tuesday, Apr 27, 2021 - 02:30 PM (IST)
 
            
            ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਹਾਲਾਤ ਗੰਭੀਰ ਹੋਣ ਵਿਚਕਾਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਸਟੀਲ ਕੰਪਨੀਆਂ ਨੇ ਕੰਮ ਖਿੱਚ ਦਿੱਤਾ ਹੈ। ਜੇ. ਐੱਸ. ਡਬਲਿਊ. ਗਰੁੱਪ ਦੇ ਚੇਅਰਮੈਨ ਸੱਜਣ ਜਿੰਦਲ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਵੇਲੇ ਸਟੀਲ ਉਤਪਾਦਨ ਨਾਲੋਂ ਜਾਨਾਂ ਬਚਾਉਣਾ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇ. ਐੱਸ. ਡਬਲਿਊ. ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਦੌਰਾਨ ਜ਼ਿੰਦਗੀਆਂ ਬਚਾਉਣ ਵਾਲੀ ਗੈਸ ਦੀ ਘਾਟ ਨੂੰ ਪੂਰਾ ਕਰਨ ਲਈ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਏਗਾ।
ਸਟੀਲ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦੇਸ਼ ਵਿਚ ਸਟੀਲ ਪਲਾਂਟ ਵੱਖ-ਵੱਖ ਸੂਬਿਆਂ ਨੂੰ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦੀ ਸਪਲਾਈ ਕਰ ਰਹੇ ਹਨ।
ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਮਈ ਅੰਤ ਤੱਕ ਭਾਰਤ 'ਚ ਆ ਜਾਏਗਾ ਵਿਦੇਸ਼ੀ ਕੋਰੋਨਾ ਟੀਕਾ
ਇਕ ਬਿਆਨ ਵਿਚ ਜਿੰਦਲ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਭਾਰਤੀਆਂ ਦੀ ਜਾਨ ਬਚਾਉਣ ਲਈ ਆਪਣੇ ਪਲਾਂਟਾਂ ਤੋਂ ਆਕਸੀਜਨ ਦੀ ਸਪਲਾਈ ਵਧਾਉਣਗੇ। ਉਨ੍ਹਾਂ ਸਟੀਲ ਉਤਪਾਦਨ ਘਟਾਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਤਪਾਦਨ ਵਿਚ ਨੁਕਸਾਨ ਉਸ ਸਮੇਂ ਤੱਕ ਝੱਲਿਆ ਜਾ ਸਕਦਾ ਹੈ ਜਦੋਂ ਤੱਕ ਕੰਪਨੀ ਕੋਲ ਮੌਜੂਦ ਕਿਸੇ ਸਰੋਤ ਦੀ ਦੇਸ਼ ਨੂੰ ਜ਼ਰੂਰਤ ਹੈ। ਜਿੰਦਲ ਨੇ ਅੱਗੇ ਕਿਹਾ ਕਿ ਐਮਰਜੈਂਸੀ ਆਧਾਰ 'ਤੇ ਪਲਾਂਟ ਦੇ ਨਜ਼ਦੀਕ ਵੱਡੇ ਕੋਵਿਡ ਕੇਂਦਰ ਵੀ ਸਥਾਪਿਤ ਕੀਤੇ ਜਾ ਰਹੇ ਹਨ ਜਿੱਥੇ ਜੇ. ਐੱਸ. ਡਬਲਿਊ. ਮਰੀਜ਼ਾਂ ਨੂੰ ਸਿੱਧੇ ਆਕਸੀਜਨ ਪਹੁੰਚਾਉਣ ਲਈ ਪਾਈਪਲਾਈਨਾਂ ਵਿਛਾ ਰਹੀ ਹੈ। ਇਸ ਨਾਲ ਤਰਲ ਆਕਸੀਜਨ 'ਤੇ ਨਿਰਭਰਤਾ ਘੱਟ ਹੋ ਸਕੇਗੀ। ਜੇ. ਐੱਸ. ਡਬਲਿਊ. ਸਟੀਲ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਆਪਣੀ ਰੋਜ਼ਾਨਾ ਆਕਸੀਜਨ ਸਪਲਾਈ ਦੀ ਸੀਮਾ 900 ਟਨ ਕਰ ਦੇਵੇਗੀ। ਕੰਪਨੀ ਦਾ ਅਪ੍ਰੈਲ ਵਿਚ ਮਹਾਰਾਸ਼ਟਰ, ਕਰਨਾਟਕ ਤੇ ਤਾਮਿਲਨਾਡੂ ਵਿਚ ਆਪਣੇ ਤਿੰਨ ਪਲਾਂਟਾਂ ਤੋਂ ਲਗਭਗ 20,000 ਟਨ ਆਕਸੀਜਨ ਸਪਲਾਈ ਕਰਨ ਦਾ ਟੀਚਾ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ, ਲੁਧਿਆਣਾ ਸਣੇ 19 ਸ਼ਹਿਰਾਂ ਦੇ ਲੋਕਾਂ ਨੂੰ HDFC ਬੈਂਕ ਦੀ ਵੱਡੀ ਸੌਗਾਤ
►ਖ਼ਬਰ ਬਾਰੇ ਕੁਮੈੰਟ ਬਾਕਸ ਵਿਚ ਦਿਓ ਟਿਪਣੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            