ਵਧਦੀ ਮਹਿੰਗਾਈ ’ਚ ਆਪਣੀ ਬੱਚਤ ਨੂੰ ਸੁਰੱਖਿਅਤ ਕਰਨ ਦੇ 5 ਤਰੀਕੇ

11/20/2019 8:02:36 AM

ਨਵੀਂ ਦਿੱਲੀ— ਪ੍ਰਚੂਨ ਮਹਿੰਗਾਈ ਅਕਤੂਬਰ ’ਚ ਵਧ ਕੇ 4.62 ਫੀਸਦੀ ’ਤੇ ਪਹੁੰਚ ਗਈ। ਆਉਣ ਵਾਲੇ ਮਹੀਨਿਆਂ ’ਚ ਮਹਿੰਗਾਈ ਹੋਰ ਵਧਣ ਦਾ ਖਦਸ਼ਾ ਹੈ। ਮਹਿੰਗਾਈ ਵਧਣ ਨਾਲ ਤੁਹਾਡੇ ’ਤੇ ਖਰਚੇ ਦਾ ਬੋਝ ਵਧੇਗਾ, ਜੋ ਤੁਹਾਡੀ ਬੱਚਤ ਨੂੰ ਘੱਟ ਕਰਨ ਦਾ ਕੰਮ ਕਰੇਗਾ।

ਅਜਿਹੇ ’ਚ ਸਵਾਲ ਉੱਠਦਾ ਹੈ ਕਿ ਤੁਸੀਂ ਆਪਣੀ ਬੱਚਤ ਨੂੰ ਮਹਿੰਗਾਈ ਦੇ ਅਸਰ ਤੋਂ ਕਿਵੇਂ ਬਚਾਓ? ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਨਿਵੇਸ਼ ਦੀ ਯੋਜਨਾ ਬਣਾ ਕੇ ਅਤੇ ਖਰਚਿਆਂ ਨੂੰ ਕੰਟਰੋਲ ਕਰ ਕੇ ਬੱਚਤ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।

ਐੱਫ. ਡੀ. ਘਾਟੇ ਦਾ ਸੌਦਾ
ਫਿਕਸਡ ਡਿਪਾਜ਼ਿਟ (ਐੱਫ. ਡੀ.) ਰਵਾਇਤੀ ਨਿਵੇਸ਼ ’ਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੈ। ਮੌਜੂਦਾ ਸਮੇਂ ’ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਪੰਜ ਸਾਲ ਦੀ ਐੱਫ. ਡੀ. ’ਤੇ 6.25 ਫੀਸਦੀ ਵਿਆਜ ਦੇ ਰਿਹਾ ਹੈ। ਇਸ ’ਚੋਂ ਪ੍ਰਚੂਨ ਮਹਿੰਗਾਈ ਦਰ ਨੂੰ ਘਟਾ ਦੇਈਏ ਤਾਂ ਵਿਆਜ ਘਟ ਕੇ 1.63 ਫੀਸਦੀ ਹੋ ਜਾਵੇਗਾ। ਐੱਫ. ਡੀ. ’ਤੇ ਮਿਲਣ ਵਾਲਾ ਵਿਆਜ ਟੈਕਸ ਦੇ ਘੇਰੇ ’ਚ ਆਉਂਦਾ ਹੈ। ਅਜਿਹੇ ’ਚ 1.63 ਫੀਸਦੀ ’ਚ 20 ਫੀਸਦੀ ਟੈਕਸ ਸ਼੍ਰੇਣੀ ਦੇ ਹਿਸਾਬ ਨਾਲ ਟੈਕਸ ਘਟਾਉਣ ’ਤੇ ਤੁਹਾਨੂੰ ਮਿਲਣ ਵਾਲਾ ਅਸਲ ਵਿਆਜ ਸਿਰਫ਼ 0.38 ਫੀਸਦੀ ਹੋ ਜਾਵੇਗਾ। ਇਸ ਤਰ੍ਹਾਂ ਨਿਵੇਸ਼ ਤੋਂ 5 ਸਾਲ ਬਾਅਦ ਇੰਨਾ ਘੱਟ ਵਿਆਜ ਘਾਟੇ ਦਾ ਸੌਦਾ ਹੈ।

ਬਚਾਉਣ ’ਚ ਈ. ਟੀ. ਐੱਫ. ਮੋਹਰੀ
ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ਮਿਊਚੁਅਲ ਫੰਡ ਦਾ ਹਿੱਸਾ ਹੈ ਪਰ ਇਸ ਦੀ ਖਰੀਦ-ਵੇਚ ਸ਼ੇਅਰਾਂ ਵਾਂਗ ਕੀਤੀ ਜਾਂਦੀ ਹੈ। ਤੁਹਾਡੇ ਨਿਵੇਸ਼ ਨੂੰ ਮਹਿੰਗਾਈ ਤੋਂ ਬਚਾਉਣ ’ਚ ਈ. ਟੀ. ਐੱਫ. ਮੋਹਰੀ ਹੈ। ਈ. ਟੀ. ਐੱਫ. ਮੋਤੀਲਾਲ ਓਸਵਾਲ ਨੈਸਡੈਕ 100 ਨੇ 5 ਸਾਲ ’ਚ 16.84 ਫੀਸਦੀ ਰਿਟਰਨ ਦਿੱਤਾ ਹੈ। ਇਸ ’ਚੋਂ ਮਹਿੰਗਾਈ ਦਰ ਨੂੰ ਘਟਾਉਣ ’ਤੇ ਰਿਟਰਨ 12.22 ਫੀਸਦੀ ਰਹਿ ਜਾਂਦਾ ਹੈ। 20 ਫੀਸਦੀ ਟੈਕਸ ਸ਼੍ਰੇਣੀ ਨਾਲ ਤੁਲਨਾ ਕਰਨ ’ਤੇ ਟੈਕਸ ਘਟਾਉਣ ਤੋਂ ਬਾਅਦ ਅਸਲ ਰਿਟਰਨ 9.78 ਫੀਸਦੀ ਹੋਵੇਗਾ, ਜੋ ਬੇਹੱਦ ਆਕਰਸ਼ਕ ਹੈ। ਮਿਊਚੁਅਲ ਫੰਡ ’ਚ ਸ਼ੇਅਰਾਂ ਦੇ ਮੁਕਾਬਲੇ ਖਤਰਾ ਵੀ ਘੱਟ ਹੁੰਦਾ ਹੈ।

ਰਿਟਰਨ ’ਚ ਸੋਨਾ ਪਿੱਛੇ ਨਹੀਂ
ਸੋਨੇ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਪਿਛਲੇ ਪੰਜ ਸਾਲ ’ਚ ਸੋਨੇ ’ਚ 7.65 ਫੀਸਦਾ ਦਾ ਔਸਤ ਰਿਟਰਨ ਮਿਲਿਆ ਹੈ। ਇਸ ’ਚੋਂ ਮਹਿੰਗਾਈ ਦਰ ਨੂੰ ਘੱਟ ਕਰ ਦਿੱਤਾ ਜਾਵੇ ਤਾਂ ਰਿਟਰਨ ਘਟ ਕੇ 3 ਫੀਸਦੀ ਦੇ ਲਗਭਗ ਰਹਿ ਜਾਏਗਾ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਕੁਲ ਨਿਵੇਸ਼ ਦਾ ਘੱਟ ਤੋਂ ਘੱਟ 10 ਫੀਸਦੀ ਸੋਨੇ ’ਚ ਜ਼ਰੂਰ ਨਿਵੇਸ਼ ਕਰਨਾ ਚਾਹੀਦਾ ਹੈ।

ਸ਼ੇਅਰਾਂ ’ਚ ਕਿੰਨਾ ਮਿਲੇਗਾ
ਸ਼ੇਅਰ ਬਾਜ਼ਾਰ ’ਚ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਪਰ ਰਿਟਰਨ ਵੀ ਇਸ ’ਚ ਜ਼ਿਆਦਾ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਐੱਨ. ਐੱਸ. ਈ. ਦੇ ਨਿਫਟੀ ’ਚ ਪਿਛਲੇ 5 ਸਾਲ ’ਚ ਔਸਤ ਰਿਟਰਨ 7.26 ਫੀਸਦੀ ਰਿਹਾ ਹੈ। ਨਿਯਮਾਂ ਮੁਤਾਬਕ ਸ਼ੇਅਰ ਨੂੰ ਇਕ ਸਾਲ ਬਾਅਦ ਵੇਚਣ ’ਤੇ ਹੋਣ ਵਾਲਾ ਲਾਭ ਟੈਕਸ ਫ੍ਰੀ ਹੁੰਦਾ ਹੈ। ਉਥੇ ਹੀ ਇਕ ਸਾਲ ਤੋਂ ਪਹਿਲਾਂ ਵੇਚਣ ’ਤੇ 15 ਫੀਸਦੀ ਦੇ ਹਿਸਾਬ ਨਾਲ ਟੈਕਸ ਲੱਗਦਾ ਹੈ।

ਹੋਮ ਲੋਨ ਦਾ ਕੀ ਕਰੀਏ
ਅਕਤੂਬਰ ਤੋਂ ਸਾਰੇ ਬੈਂਕ ਨਵੇਂ ਹੋਮ ਲੋਨ ਰੇਪੋ ਰੇੇਟ ਦੇ ਆਧਾਰ ’ਤੇ ਦੇਣ ਲੱਗੇ ਹਨ। ਮਹਿੰਗਾਈ ਵਧਣ ’ਤੇ ਰਿਜ਼ਰਵ ਬੈਂਕ ਜਦੋਂ ਰੇਪੋ ਰੇਟ ਵਧਾਏਗਾ ਤਾਂ ਤੁਹਾਡਾ ਹੋਮ ਲੋਨ ਵੀ ਮਹਿੰਗਾ ਹੋ ਜਾਵੇਗਾ। ਇਸ ਤੋਂ ਬਚਣ ਲਈ 6 ਮਹੀਨੇ ਜਾਂ ਇਕ ਸਾਲ ਦੀ ਮਿਆਦ ’ਤੇ ਬਦਲਣ ਵਾਲੀਆਂ ਵਿਆਜ ਦਰਾਂ ਦੀ ਚੋਣ ਕਰ ਸਕਦੇ ਹੋ। ਹਾਲਾਂਕਿ, ਦਰਾਂ ਘਟਣ ’ਤੇ ਤੁਹਾਨੂੰ ਨੁਕਸਾਨ ਹੋਣ ਦਾ ਖ਼ਤਰਾ ਵੀ ਰਹੇਗਾ।


Related News