ਭਾਰਤ 'ਚ ਇਸ ਸਾਲ ਤਨਖ਼ਾਹਾਂ 'ਚ ਹੋ ਸਕਦਾ ਹੈ 7 ਫ਼ੀਸਦੀ ਤੋਂ ਵੱਧ ਵਾਧਾ

02/24/2021 1:12:41 PM

ਨਵੀਂ ਦਿੱਲੀ- ਇਸ ਸਾਲ ਭਾਰਤੀ ਕੰਪਨੀਆਂ ਕਰਮਚਾਰੀਆਂ ਦੀ ਤਨਖ਼ਾਹ ਵਿਚ ਔਸਤ 7.7 ਫ਼ੀਸਦੀ ਦਾ ਵਾਧਾ ਕਰ ਸਕਦੀਆਂ ਹਨ। ਗਲੋਬਲ ਪ੍ਰੋਫੇਸ਼ਨਲ ਸਰਵਿਸਿਜ਼ ਫਰਮ ਐਓਨ ਨੇ ਇਕ ਸਰਵੇ ਵਿਚ ਇਹ ਗੱਲ ਆਖ਼ੀ ਹੈ। 2020 ਵਿਚ ਭਾਰਤੀ ਕੰਪਨੀਆਂ ਨੇ ਔਸਤ 6.4 ਫ਼ੀਸਦੀ ਤੱਕ ਤਨਖ਼ਾਹ ਵਧਾਈ ਸੀ। 

ਇਸ ਰਿਪੋਰਟ ਮੁਤਾਬਕ, ਜਾਪਾਨ, ਅਮਰੀਕਾ, ਚੀਨ, ਸਿੰਗਾਪੁਰ, ਜਰਮਨੀ ਅਤੇ ਯੂ. ਕੇ. ਵਰਗੇ ਵੱਡੇ ਦੇਸ਼ਾਂ ਦੇ ਕਰਮਚਾਰੀਆਂ ਦੀ ਤਨਖ਼ਾਹ ਵਿਚ ਔਸਤ 3.1 ਤੋਂ 5.5 ਫ਼ੀਸਦੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਜੋ ਭਾਰਤ ਦੇ ਮੁਕਾਬਲੇ ਘੱਟ ਹੈ। ਇਸ ਵਾਰ ਤਨਖ਼ਾਹਾਂ ਵਧਣ ਦੇ ਮਾਮਲੇ ਵਿਚ ਭਾਰਤ ਅੱਗੇ ਹੋਵੇਗਾ।

ਸਰਵੇ ਵਿਚ 20 ਉਦਯੋਗਿਕ ਖੇਤਰਾਂ ਦੀਆਂ 1,200 ਤੋਂ ਜ਼ਿਆਦਾ ਕੰਪਨੀਆਂ ਦੀ ਰਾਇ ਨੂੰ ਸ਼ਾਮਲ ਕੀਤਾ ਗਿਆ ਹੈ। ਸਰਵੇ ਵਿਚ ਸ਼ਾਮਲ 88 ਫ਼ੀਸਦੀ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦਾ 2021 ਵਿਚ ਆਪਣੇ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦਾ ਇਰਾਦਾ ਹੈ। ਈ-ਕਾਮਰਸ ਅਤੇ ਵੈਂਚਰ ਕੈਪੀਟਲ ਫਰਮਾਂ ਆਪਣੇ ਕਰਮਚਾਰੀਆਂ ਦੀ ਤਨਖ਼ਾਹ ਵਿਚ 10.10 ਫ਼ੀਸਦੀ ਤੱਕ ਦਾ ਵਾਧਾ ਕਰ ਸਕਦੀਆਂ ਹਨ। ਰਸਾਇਣ ਤੇ ਫਾਰਮਾ ਕੰਪਨੀਆਂ ਵੀ 8 ਫ਼ੀਸਦੀ ਤੱਕ ਤਨਖ਼ਾਹਾਂ ਵਿਚ ਵਾਧਾ ਕਰਨਗੀਆਂ। 60 ਫ਼ੀਸਦੀ ਸੰਸਥਾਨਾਂ ਨੇ ਮੰਨਿਆਂ ਕਿ ਉਨ੍ਹਾਂ ਦੀ ਸਥਿਤੀ ਬਿਹਤਰ ਹੋ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਲਾਈ ਗਈ ਸਖ਼ਤ ਤਾਲਾਬੰਦੀ ਦੇ ਬਾਵਜੂਦ ਭਾਰਤ ਵਿਚ ਤਨਖ਼ਾਹਾਂ ਵਿਚ ਵਾਧਾ ਬ੍ਰਿਕਸ ਦੇ ਬਾਕੀ ਦੇਸ਼ਾਂ ਨਾਲੋਂ ਵੀ ਸਭ ਤੋਂ ਜ਼ਿਆਦਾ ਹੈ।


Sanjeev

Content Editor

Related News