ਸਹਾਰਾ ਨੇ 75 ਦਿਨ ’ਚ ਨਿਵੇਸ਼ਕਾਂ ਨੂੰ ਦਿੱਤੇ 3,226 ਕਰੋੜ ਰੁਪਏ

10/12/2020 10:06:20 PM

ਨਵੀਂ ਦਿੱਲੀ, (ਭਾਸ਼ਾ)– ਸਹਾਰਾ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੀਆਂ 4 ਸਹਿਯੋਗੀ ਸਹਿਕਾਰੀ ਕਮੇਟੀਆਂ ਨਾਲ ਜੁੜੇ 10 ਲੱਖ ਤੋਂ ਵੱਧ ਮੈਂਬਰਾਂ ਨੂੰ ਪਿਛਲੇ 75 ਦਿਨ ’ਚ 3,226 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। 

ਇਨ੍ਹਾਂ ’ਚ ਉਨ੍ਹਾਂ ਲੋਕਾਂ ਨੂੰ ਵੀ ਭੁਗਤਾਨ ਕੀਤਾ ਗਿਆ ਹੈ, ਜਿਨ੍ਹਾਂ ਨੇ ਦੇਰੀ ਨਾਲ ਭੁਗਤਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਸਮੂਹ ਨੇ ਕਿਹਾ ਕਿ ਭੁਗਤਾਨ ’ਚ ਕੁਝ ਦੇਰੀ ਹੋਈ ਹੈ। ਇਸ ਦਾ ਕਾਰਨ ਦੱਸਦੇ ਹੋਏ ਉਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਿਛਲੇ 8 ਸਾਲ ਤੱਕ ਉਸ ਦੇ ਭੁਗਤਾਨ ’ਤੇ ਰੋਕ ਲਗਾਈ ਹੋਈ ਸੀ ਜਦੋਂ ਕਿ ਵਿਆਜ਼ ਸਮੇਤ ਕਰੀਬ 22,000 ਕਰੋੜ ਰੁਪਏ ਦੀ ਰਕਮ ਸਹਾਰਾ-ਸੇਬੀ ਖਾਤੇ ’ਚ ਜਮ੍ਹਾ ਕੀਤੀ ਗਈ ਹੈ। ਇਹ ਰਕਮ ਉਸ ਦੀਆਂ 2 ਸਮੂਹ ਕੰਪਨੀਆਂ ਦੇ ਬਾਂਡ ਧਾਰਕਾਂ ਨੂੰ ਮੋੜਨ ਲਈ ਜਮ੍ਹਾਂ ਕੀਤੀ ਗਈ ਹੈ। 

ਸਹਾਰਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਪਿਛਲੇ 8 ਸਾਲ ’ਚ ਵਾਰ-ਵਾਰ ਯਤਨ ਕੀਤੇ ਜਾਣ ਦੇ ਬਾਵਜੂਦ ਸਿਰਫ 106.10 ਕਰੋੜ ਰੁਪਏ ਦਾ ਭੁਗਤਾਨ ਬਾਂਡ ਧਾਰਕਾਂ ਨੂੰ ਕਰ ਸਕਿਆ ਹੈ। ਸਮੂਹ ਦਾ ਕਹਿਣਾ ਹੈ ਕਿ ਇਸ ਨਾਲ ਉਸ ਦੇ ਇਸ ਦਾਅਵੇ ਦੀ ਹੀ ਪੁਸ਼ਟੀ ਹੁੰਦੀ ਹੈ ਕਿ ਭੁਗਤਾਨ ਲਈ ਕੋਈ ਵੀ ਦਾਅਵੇਦਾਰ ਨਹੀਂ ਬਚਿਆ ਹੈ ਕਿਉਂਕਿ ਰੈਗੁਲੇਟਰ ਵਲੋਂ ਸਹਾਰਾ ਸਮੂਹ ਨੂੰ ਧਨ ਉਸ ਦੇ ਕੋਲ ਜਮ੍ਹਾ ਕਰਨ ਲਈ ਕਹਿਣ ਤੋਂ ਪਹਿਲਾਂ ਹੀ ਸਮੂਹ ਜ਼ਿਆਦਾਤਰ ਬਾਂਡ ਧਾਰਕਾਂ ਨੂੰ ਉਨ੍ਹਾਂ ਦਾ ਧਨ ਮੋੜ ਚੁੱਕਾ ਹੈ। ਸਮੂਹ ਨੇ ਉਮੀਦ ਜਤਾਈ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਜ਼ਰੂਰੀ ਜਾਂਚ-ਪਰਖ ਅਤੇ ਤਸਦੀਕ ਤੋਂ ਬਾਅਦ ਇਹ 22,000 ਕਰੋੜ ਰੁਪਏ ਦੀ ਰਕਮ ਉਸ ਕੋਲ ਮੁੜ ਕੇ ਆ ਜਾਵੇਗੀ।


Sanjeev

Content Editor

Related News