ਰੂਸ ਨੇ ਭਾਰਤ ਤੋਂ ਮੰਗੀ ਮਦਦ, ਪ੍ਰਮੁੱਖ ਖੇਤਰਾਂ ਦੇ 500 ਉਤਪਾਦਾਂ ਦੀ ਭੇਜੀ ਸੂਚੀ

Thursday, Dec 01, 2022 - 05:08 PM (IST)

ਰੂਸ ਨੇ ਭਾਰਤ ਤੋਂ ਮੰਗੀ ਮਦਦ, ਪ੍ਰਮੁੱਖ ਖੇਤਰਾਂ ਦੇ 500 ਉਤਪਾਦਾਂ ਦੀ ਭੇਜੀ ਸੂਚੀ

ਨਵੀਂ ਦਿੱਲੀ — ਯੂਕਰੇਨ ਯੁੱਧ ਕਾਰਨ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਰੂਸ ਨੇ ਅਹਿਮ ਖੇਤਰਾਂ 'ਚ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਭਾਰਤ ਦਾ ਸਮਰਥਨ ਮੰਗਿਆ ਹੈ। ਰੂਸ ਨੇ ਭਾਰਤ ਨੂੰ ਸੰਭਾਵਿਤ ਸਪੁਰਦਗੀ ਲਈ ਕਾਰਾਂ, ਜਹਾਜ਼ਾਂ ਅਤੇ ਰੇਲਗੱਡੀਆਂ ਦੇ ਪੁਰਜ਼ੇ ਸਮੇਤ 500 ਤੋਂ ਵੱਧ ਉਤਪਾਦਾਂ ਦੀ ਸੂਚੀ ਭੇਜੀ ਹੈ। ਮਾਮਲੇ ਤੋਂ ਜਾਣੂ ਚਾਰ ਸੂਤਰਾਂ ਨੇ ਕਿਹਾ ਕਿ ਰੂਸ ਨੇ ਭਾਰਤ ਨੂੰ 500 ਤੋਂ ਵੱਧ ਉਤਪਾਦਾਂ ਦੀ ਸੂਚੀ ਭੇਜੀ ਹੈ ਜੋ ਰੂਸ ਨੂੰ ਨਿਰਯਾਤ ਕੀਤੇ ਜਾ ਸਕਦੇ ਹਨ ਕਿਉਂਕਿ ਪਾਬੰਦੀਆਂ ਮਹੱਤਵਪੂਰਨ ਉਦਯੋਗਾਂ ਨੂੰ ਚਲਾਉਣ ਦੀ ਰੂਸ ਦੀ ਸਮਰੱਥਾ ਨੂੰ ਕਮਜ਼ੋਰ ਕਰ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਇਸ ਵਿਚ ਕਾਰਾਂ, ਜਹਾਜ਼ਾਂ ਅਤੇ ਰੇਲ ਗੱਡੀਆਂ ਦੇ ਪੁਰਜੇ ਵੀ ਸ਼ਾਮਲ ਹਨ।

ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਉਸ ਦੇ ਉਦਯੋਗਾਂ ਨੂੰ ਚਲਾਉਣ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ, ਜਿਸ ਦੇ ਮੱਦੇਨਜ਼ਰ ਉਹ ਭਾਰਤ ਤੋਂ ਇਨ੍ਹਾਂ ਦੀ ਦਰਾਮਦ ਕਰਨਾ ਚਾਹੁੰਦਾ ਹੈ। ਰਾਇਟਰਜ਼ ਦੇ ਅਨੁਸਾਰ, ਸੂਚੀ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਕਿੰਨੀਆਂ ਵਸਤੂਆਂ ਅਤੇ ਕਿੰਨੀ ਮਾਤਰਾ ਵਿੱਚ ਨਿਰਯਾਤ ਕਰੇਗਾ, ਪਰ ਇੱਕ ਭਾਰਤ ਸਰਕਾਰ ਦੇ ਸੂਤਰ ਨੇ ਕਿਹਾ ਕਿ ਇਹ ਬੇਨਤੀ ਅਸਾਧਾਰਨ ਸੀ। ਸੂਤਰ ਨੇ ਕਿਹਾ ਕਿ ਭਾਰਤ ਇਸ ਤਰੀਕੇ ਨਾਲ ਆਪਣਾ ਵਪਾਰ ਵਧਾਉਣ ਦਾ ਇੱਛੁਕ ਹੈ ਕਿਉਂਕਿ ਉਹ ਰੂਸ ਨਾਲ ਵਧਦੇ ਵਪਾਰਕ ਘਾਟੇ ਨੂੰ ਘੱਟ ਕਰਨਾ ਚਾਹੁੰਦਾ ਹੈ। ਕੁਝ ਕੰਪਨੀਆਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਕਿਉਂਕਿ ਇਸ ਨਾਲ ਪੱਛਮੀ ਦੇਸ਼ਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ

ਮਾਸਕੋ ਵਿੱਚ ਇੱਕ ਉਦਯੋਗਿਕ ਸੂਤਰ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਕਾਰਨ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਰੂਸ ਦੇ ਉਦਯੋਗ ਅਤੇ ਵਪਾਰ ਮੰਤਰਾਲੇ ਨੇ ਵੱਡੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਸੂਚੀ ਵਿੱਚ ਸ਼ਾਮਲ ਕੱਚੇ ਮਾਲ ਅਤੇ ਉਪਕਰਣਾਂ ਦੀ ਸਪਲਾਈ ਦੀ ਪੂਰਤੀ ਕਰਨ। ਸੂਤਰ ਨੇ ਕਿਹਾ ਕਿ ਵਸਤੂਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਮਾਤਰਾ 'ਤੇ ਸਹਿਮਤੀ ਦੀ ਲੋੜ ਹੋਵੇਗੀ ਅਤੇ ਇਹ ਭਾਰਤ ਤੱਕ ਸੀਮਿਤ ਨਹੀਂ ਹੈ। ਰੂਸ ਦੇ ਉਦਯੋਗ ਅਤੇ ਵਪਾਰ ਮੰਤਰਾਲੇ ਅਤੇ ਭਾਰਤ ਦੇ ਵਿਦੇਸ਼ ਮਾਮਲਿਆਂ ਅਤੇ ਵਣਜ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ ਨੇ ਟਿੱਪਣੀ ਲਈ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ।

ਭਾਰਤ ਦੇ ਦੋ ਸੂਤਰਾਂ ਨੇ ਦੱਸਿਆ ਕਿ ਰੂਸ ਦੀ ਇਹ ਬੇਨਤੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਦੀ 7 ਨਵੰਬਰ ਤੋਂ ਸ਼ੁਰੂ ਹੋ ਰਹੀ ਮਾਸਕੋ ਯਾਤਰਾ ਤੋਂ ਇਕ ਹਫ਼ਤਾ ਪਹਿਲਾਂ ਆਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਦੌਰੇ ਦੌਰਾਨ ਭਾਰਤ ਨੇ ਰੂਸ ਨੂੰ ਕੀ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਯੂਕਰੇਨ ਵਿੱਚ ਜੰਗ ਦੀ ਸਿੱਧੀ ਆਲੋਚਨਾ ਕਰਨ ਵਿੱਚ ਪੱਛਮੀ ਦੇਸ਼ਾਂ ਦਾ ਸਹਿਯੋਗ ਨਹੀਂ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਰੂਸ ਤੋਂ ਤੇਲ ਦੀ ਦਰਾਮਦ ਬਹੁਤ ਵਧਾ ਦਿੱਤੀ, ਜਿਸ ਕਾਰਨ ਰੂਸ ਨੂੰ ਪਾਬੰਦੀਆਂ ਤੋਂ ਕੁਝ ਰਾਹਤ ਮਿਲੀ।

ਇਹ ਵੀ ਪੜ੍ਹੋ : ਇਸ ਸਾਲ 8000 ਕਰੋੜਪਤੀਆਂ ਨੇ ਛੱਡਿਆ ਭਾਰਤ, ਦੇਸ਼ ਛੱਡਣ ਵਾਲੇ ਟਾਪ-5 ਦੇਸ਼ਾਂ 'ਚ ਸ਼ਾਮਲ ਰੂਸ-ਯੂਕਰੇਨ!

ਅਪ੍ਰੈਲ-ਅਕਤੂਬਰ ਦੌਰਾਨ ਰੂਸ ਤੋਂ ਭਾਰਤ ਨੂੰ ਸਟੀਲ ਦੀ ਦਰਾਮਦ ਘੱਟੋ-ਘੱਟ ਚਾਰ ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਇਹ ਜਾਣਕਾਰੀ ਰਾਇਟਰਜ਼ ਦੁਆਰਾ ਸੰਕਲਿਤ ਸਰਕਾਰੀ ਅੰਕੜਿਆਂ ਤੋਂ ਪ੍ਰਾਪਤ ਕੀਤੀ ਗਈ ਹੈ। ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਰੂਸ ਦੀ ਸ਼ਿਪਮੈਂਟ ਰਣਨੀਤੀ ਵਿੱਚ ਤਬਦੀਲੀ ਨੂੰ ਦਰਸਾਉਂਦੀਆਂ ਹਨ। ਅਪ੍ਰੈਲ ਵਿੱਚ ਸ਼ੁਰੂ ਹੋਏ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ਵਿੱਚ, ਰੂਸ ਤੋਂ ਭਾਰਤ ਨੂੰ ਭੇਜੇ ਜਾਣ ਵਾਲੇ ਸਟੀਲ ਦੀ ਮਾਤਰਾ 1,49,000 ਟਨ ਤੱਕ ਪਹੁੰਚ ਗਈ। ਜਦੋਂ ਕਿ ਇਕ ਸਾਲ ਪਹਿਲਾਂ ਇਸੇ ਅਰਸੇ ਦੌਰਾਨ ਕਰੀਬ 34,000 ਟਨ ਸਟੀਲ ਭਾਰਤ ਆਇਆ ਸੀ।

ਭਾਰਤ ਦੇ ਕੁੱਲ ਆਯਾਤ ਦਾ ਲਗਭਗ 5 ਫੀਸਦੀ ਹਿੱਸਾ ਰੂਸ ਦਾ ਹੈ, ਪਰ ਇਹ ਚੋਟੀ ਦੇ 5 ਨਿਰਯਾਤਕਾਂ ਵਿੱਚੋਂ ਇੱਕ ਹੈ। ਭਾਰਤ ਦੀ ਕੁੱਲ ਸਟੀਲ ਦਰਾਮਦ ਅਪ੍ਰੈਲ ਤੋਂ ਅਕਤੂਬਰ ਦਰਮਿਆਨ 3.2 ਮਿਲੀਅਨ ਟਨ ਰਹੀ, ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ 14.5 ਫੀਸਦੀ ਵੱਧ ਹੈ। ਦੱਖਣੀ ਕੋਰੀਆ ਨੇ ਭਾਰਤ ਨੂੰ 13 ਲੱਖ ਟਨ ਸਟੀਲ ਦਾ ਨਿਰਯਾਤ ਕੀਤਾ। ਇਹ ਦੇਸ਼ ਦੀ ਕੁੱਲ ਖਰੀਦ ਦਾ 41 ਫੀਸਦੀ ਹੈ। ਅਪ੍ਰੈਲ ਅਤੇ ਅਕਤੂਬਰ ਦੇ ਵਿਚਕਾਰ, ਭਾਰਤ ਸਟੀਲ ਦੇ ਸ਼ੁੱਧ ਨਿਰਯਾਤਕ ਵਜੋਂ ਉੱਭਰਿਆ, ਹਾਲਾਂਕਿ ਨਿਰਯਾਤ ਟੈਕਸ ਅਤੇ ਵਿਸ਼ਵਵਿਆਪੀ ਮੰਗ ਵਿੱਚ ਮੰਦੀ ਦੇ ਕਾਰਨ ਕੁੱਲ ਬਰਾਮਦ ਅੱਧੇ ਤੋਂ ਵੀ ਘੱਟ ਡਿੱਗ ਗਈ।

ਇਹ ਵੀ ਪੜ੍ਹੋ : ਫੋਰਬਸ ਨੇ ਜਾਰੀ ਕੀਤੀ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ, ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਟਾਪ 'ਤੇ ਬਰਕਰਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News