ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸੇਕ ਨਾਲ ਵਧੇਗੀ ਦੇਸ਼ 'ਚ ਮਹਿੰਗਾਈ, ਪਹੁੰਚੇਗਾ ਅਰਥਚਾਰੇ ਨੂੰ ਨੁਕਸਾਨ

Friday, Feb 25, 2022 - 06:51 PM (IST)

ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸੇਕ ਨਾਲ ਵਧੇਗੀ ਦੇਸ਼ 'ਚ ਮਹਿੰਗਾਈ, ਪਹੁੰਚੇਗਾ ਅਰਥਚਾਰੇ ਨੂੰ ਨੁਕਸਾਨ

ਨਵੀਂ ਦਿੱਲੀ - ਯੂਕ੍ਰੇਨ 'ਤੇ ਰੂਸ ਦੇ ਹਮਲੇ ਦਾ ਅਸਰ ਆਪਣੇ ਦੇਸ਼ ਵਿਚ ਵੀ ਹੋਵੇਗਾ। ਇਸ ਦੇ ਤਤਕਾਲ ਅਸਰ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਵਿਚ ਬੀਤੇ ਕੱਲ੍ਹ ਭਾਵ ਵੀਰਵਾਰ ਨੂੰ ਭਾਰੀ ਗਿਰਾਵਟ ਆਈ। ਹਮਲੇ ਦੀ ਖ਼ਬਰ ਨਾਲ ਹੀ ਸ਼ੇਅਰ, ਕਮੋਡਿਟੀ ਅਤੇ ਕਰੰਸੀ ਬਾਜ਼ਾਰ ਹਿਲ ਗਏ।ਅਗਲੇ ਕੁਝ ਦਿਨਾਂ ਵਿਚ ਇਸ ਦਾ ਅਸਰ ਭਾਰਤੀ ਬਾਜ਼ਾਰ ਵਿਚ ਵੀ ਦਿਖਾਈ ਦੇਵੇਗਾ। ਕੱਚਾ ਤੇਲ ਮਹਿੰਗਾ ਹੋਣ ਕਾਰਨ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਖ਼ੁਰਾਕੀ ਤੇਲ ਅਤੇ ਕਣਕ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। 

ਰੂਸ ਵਲੋਂ ਯੂਕ੍ਰੇਨ ਖਿਲਾਫ ਐਲਾਨ-ਏ-ਜੰਗ ਨਾਲ ਕਰੂਡ ਆਇਲ ਅਤੇ ਸੋਨੇ ਦੇ ਰੇਟ ਹੀ ਨਹੀਂ ਵਧੇ ਹਨ ਸਗੋਂ ਕਣਕ, ਸੋਇਆਬੀਨ ਅਤੇ ਮੱਕੀ ਦੇ ਰੇਟਾਂ ’ਚ ਵੀ ਭਾਰੀ ਉਛਾਲ ਆਇਆ ਹੈ। ਰੂਸ ਕਣਕ ਦਾ ਵੱਡਾ ਉਤਪਾਦਕ ਹੈ ਅਤੇ ਹੁਣ ਯੁੱਧ ਹੋਣ ਨਾਲ ਉੱਥੋਂ ਪੂਰੀ ਦੁਨੀਆ ’ਚ ਕਣਕ ਸਪਲਾਈ ’ਤੇ ਹੋਣ ਵਾਲੇ ਅਸਰ ਕਾਰਨ ਕੌਮਾਂਤਰੀ ਬਾਜ਼ਾਰ ’ਚ ਕਣਕ ਦੇ ਰੇਟਾਂ ’ਚ ਉਛਾਲ ਆਇਆ ਹੈ।

ਇਹ ਵੀ ਪੜ੍ਹੋ :  ਕੱਚੇ ਤੇਲ ਦੀਆਂ ਕੀਮਤਾਂ 8 ਸਾਲ ਬਾਅਦ ਫਿਰ 100 ਡਾਲਰ ਦੇ ਪਾਰ, Ukraine ਸੰਕਟ ਕਾਰਨ ਸੋਨਾ ਵੀ ਚੜ੍ਹਿਆ

ਇਸੇ ਤਰ੍ਹਾਂ ਸੋਇਆਬੀਨ ਅਤੇ ਮੱਕੀ ਦੇ ਰੇਟਾਂ ’ਚ ਭਾਰੀ ਵਾਧਾ ਹੋਇਆ ਹੈ। ਰੂਸ ਅਤੇ ਯੂਕ੍ਰੇਨ ਦੀ ਇਹ ਜੰਗ ਅੱਗੇ ਕੀ ਰੂਪ ਲਵੇਗੀ, ਇਸ ਦਾ ਅੰਦਾਜ਼ਾ ਹੁਣ ਕਿਸੇ ਨੂੰ ਨਹੀਂ ਹੈ, ਇਸ ਲਈ ਇਕ ਪਾਸੇ ਜਿੱਥੇ ਨਿਵੇਸ਼ਕ ਸੇਫ ਹੈਵਨ ਅਸੈਟ ਕਾਰਨ ਇਕਵਿਟੀ ’ਚੋਂ ਨਿਕਲ ਕੇ ਸੋਨੇ ’ਚ ਖਰੀਦਦਾਰੀ ਕਰ ਰਹੇ ਹਨ, ਉੱਥੇ ਹੀ ਖੁਰਾਕ ਸਮੱਗਰੀਆਂ ਦੀ ਮੰਗ ’ਚ ਵੀ ਵਾਧਾ ਹੋ ਗਿਆ ਹੈ।

ਰੂਸ ਅਤੇ ਯੂਕ੍ਰੇਨ ਦੁਨੀਆ ਦੇ ਵੱਡੇ ਕਣਕ ਬਰਾਮਦਕਾਰ

ਕਣਕ ਦੁਨੀਆ ਭਰ ’ਚ ਮੱਕੀ ਤੋਂ ਬਾਅਦ ਸਭ ਤੋਂ ਵੱਧ ਪੈਦਾ ਕੀਤਾ ਜਾਣ ਵਾਲਾ ਅਨਾਜ ਹੈ। ਰੂਸ ਅਤੇ ਯੂਕ੍ਰੇਨ ਦੋਵੇਂ ਇਸ ਅਨਾਜ ਦੀ ਪੈਦਾਵਾਰ ’ਚ ਸਭ ਤੋਂ ਅੱਗੇ ਹਨ। ਰੂਸ 18 ਫੀਸਦੀ ਤੋਂ ਵੱਧ ਕਣਕ ਦੀ ਬਰਾਮਦ ਕਰਦਾ ਹੈ। ਯੂਕ੍ਰੇਨ ਇਸ ਮਾਮਲੇ ’ਚ 5ਵੇਂ ਸਥਾਨ ’ਤੇ ਹੈ। ਸਿਰਫ ਇਹ ਦੋ ਦੇਸ਼ ਦੁਨੀਆ ਭਰ ’ਚ 25.4 ਫੀਸਦੀ ਕਣਕ ਦੀ ਬਰਾਮਦ ਕਰਦੇ ਹਨ। 2019 ’ਚ ਰੂਸ ਨੇ ਕੁੱਲ 60.64 ਹਜ਼ਾਰ ਕਰੋੜ ਰੁਪਏ ਦੀ ਕਣਕ ਦੁਨੀਆ ਭਰ ’ਚ ਬਰਾਮਦ ਕੀਤੀ। ਉੱਥੇ ਹੀ ਯੂਕ੍ਰੇਨ ਨੇ 2019 ’ਚ 23.16 ਹਜ਼ਾਰ ਕਰੋੜ ਦੀ ਕਣਕ ਦੂਜੇ ਦੇਸ਼ਾਂ ’ਚ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ :  McDonald's 'ਚ ਗਰਭਵਤੀ ਮਾਦਾ ਸੂਰਾਂ ਨੂੰ ਲੈ ਕੇ ਉੱਠੇ ਸਵਾਲ, ਜਾਣੋ ਕੀ ਹੈ ਮਾਮਲਾ

ਐਗਰੋ ਕਮੋਡਿਟੀ ’ਚ ਤੇਜ਼ੀ

ਯੂਕ੍ਰੇਨ ਅਤੇ ਰੂਸ ਦਰਮਿਆਨ ਸ਼ੁਰੂ ਹੋਈ ਲੜਾਈ ਦਾ ਅਸਰ ਬਹੁਤ ਸਾਰੀਆਂ ਕਮੋਡਿਟੀਜ਼ ’ਤੇ ਪਿਆ ਹੈ। ਰਬੜ ਦੇ ਰੇਟ 38 ਹਫਤਿਆਂ ਦੇ ਉੱਚ ਪੱਧਰ ’ਤੇ ਚਲੇ ਗਏ ਹਨ। ਉੱਥੇ ਹੀ ਸੋਇਆਬੀਨ ਦੇ ਰੇਟਾਂ ’ਚ ਵੱਡਾ ਉਛਾਲ ਆਇਆ ਹੈ ਅਤੇ ਇਹ ਆਪਣੇ ਡੇਢ ਸਾਲ ਦੇ ਉੱਚ ਪੱਧਰ ’ਤੇ ਕਾਰੋਬਾਰ ਕਰ ਰਹੇ ਹਨ। ਕਣਕ ਦੇ ਰੇਟਾਂ ’ਚ ਤਾਂ ਬਹੁਤ ਜ਼ਿਆਦਾ ਉਛਾਲ ਆਇਆ ਹੈ ਅਤੇ ਇਹ 9 ਸਾਲਾਂ ਦੇ ਉੱਚ ਪੱਧਰ ’ਤੇ ਵਿਕ ਰਹੀ ਹੈ। ਇਕ ਪਾਸੇ ਐਗਰੋ ਕਮੋਡਿਟੀ ਮੱਕੀ ’ਚ ਵੀ ਤੇਜ਼ੀ ਦਾ ਮਾਹੌਲ ਹੈ ਅਤੇ ਰੇਟ 33 ਹਫਤਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਏ ਹਨ।

ਨਿੱਕਲ ਅਤੇ ਐਲੂਮੀਨੀਅਮ ’ਚ ਵੀ ਰਿਕਾਰਡ ਤੇਜ਼ੀ

ਪਲੈਟੀਨਮ ਦੇ ਰੇਟਾਂ ’ਚ ਵੀ ਭਾਰੀ ਉਛਾਲ ਆਇਆ ਹੈ। ਫਿਲਹਾਲ ਇਸ ਦਾ ਰੇਟ 14 ਹਫਤਿਆਂ ਦੇ ਹਾਈ ’ਤੇ 1100 ਡਾਲਰ ਪ੍ਰਤੀ ਟਨ ਬੋਲਿਆ ਜਾ ਰਿਹਾ ਹੈ। ਪਲੈਡੀਅਮ ਦੇ ਰੇਟ 24 ਹਫਤਿਆਂ ਦੇ ਉੱਚ ਪੱਧਰ ’ਤੇ ਹਨ। ਐਲੂਮੀਨੀਅਮ ਦੇ ਰੇਟ ਵੀ ਹੁਣ ਰਿਕਾਰਡ ਪੱਧਰ ’ਤੇ ਹਨ ਅਤੇ ਨਿੱਕਲ ਦੇ ਭਾਅ ਆਪਣੇ 10 ਸਾਲਾਂ ਦੇ ਉੱਚ ਪੱਧਰ ’ਤੇ ਹਨ।

ਇਹ ਵੀ ਪੜ੍ਹੋ : ਯੂਕਰੇਨ ਸੰਕਟ ਦਰਮਿਆਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 102 ਪੈਸੇ ਟੁੱਟ ਕੇ ਹੋਇਆ ਬੰਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News