ਰੂਸ ਵਲੋਂ ਯੂਕ੍ਰੇਨ ’ਤੇ ਹਮਲੇ ਕਾਰਨ ਦੁਨੀਆ ਭਰ ਦੇ ਬਾਜ਼ਾਰ ਸਹਿਮੇ, ਰੂਸ ਦੇ ਸ਼ੇਅਰ ਬਾਜ਼ਾਰ 50 ਫੀਸਦੀ ਤੱਕ ਡਿਗੇ

02/25/2022 10:22:09 AM

ਮੁੰਬਈ (ਏਜੰਸੀਆਂ) – ਰੂਸ ਵਲੋਂ ਯੂਕ੍ਰੇਨ ’ਤੇ ਹਮਲੇ ਕਾਰਨ ਦੁਨੀਆ ਭਰ ਦੇ ਬਾਜ਼ਾਰ ਸਹਿਮ ਗਏ ਹਨ। ਗਲੋਬਲ ਵਿਕਰੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਰੂਸ ਦੀ ਮਾਸਕੋ ਐਕਸਚੇਂਜ ਨੇ ਅੱਜ ਲਗਭਗ 2 ਘੰਟੇ ਤੱਕ ਬਾਜ਼ਾਰ ’ਚ ਟ੍ਰੇਡਿੰਗ ਨੂੰ ਰੋਕਿਆ ਅਤੇ 2 ਘੰਟੇ ਬਾਅਦ ਜਦੋਂ ਖੁੱਲ੍ਹੀ ਤਾਂ ਲਗਭਗ 50 ਫੀਸਦੀ ਦੀ ਜ਼ਬਰਦਸਤ ਗਿਰਾਵਟ ਆਈ।

ਯੂਕ੍ਰੇਨ ’ਤੇ ਕੀਤੇ ਗਏ ਹਮਲੇ ਕਾਰਨ ਰੂਸ ਦੇ ਬਾਜ਼ਾਰਾਂ ’ਚ ਭਾਰੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਕਈ ਯੂਰਪੀ ਦੇਸ਼ਾਂ ਨੇ ਰੂਸ ਦੇ ਪ੍ਰਮੁੱਖ ਬੈਂਕਾਂ ਅਤੇ ਵੱਡੇ ਅਮੀਰਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਹਨ।

ਭਾਰਤੀ ਸਮੇਂ ਮੁਤਾਬਕ ਦੁਪਿਹਰ 12.30 ਵਜੇ (ਮਾਸਕੋ ’ਚ 10 ਵਜੇ) ਤੱਕ ਰੂਸੀ ਸਟਾਕ ਐਕਸਚੇਂਜ ਨੂੰ ਮੁੜ ਖੋਲ੍ਹਿਆ ਗਿਆ ਅਤੇ ਟ੍ਰੇਡਿੰਗ ਸ਼ੁਰੂ ਹੋਈ। ਭਾਰਤੀ ਸਮੇਂ ਮੁਤਾਬਕ 2 ਵਜੇ, ਆਰ. ਟੀ. ਐੱਸ. ਇੰਡੈਕਸ ’ਚ 50.05 ਫੀਸਦੀ ਦੀ ਗਿਰਾਵਟ ਆ ਚੁੱਕੀ ਸੀ ਅਤੇ ਇਹ ਇੰਡੈਕਸ ਡਿੱਗ ਕੇ 612.69 ’ਤੇ ਪਹੁੰਚ ਗਿਆ ਸੀ।

ਇਸ ਤੋਂ ਇਲਾਵਾ 44.59 ਫੀਸਦੀ ਗਿਰਾਵਟ ਨਾਲ ਮਾਐਕਸ 1,226.65 ’ਤੇ ਆ ਗਿਆ ਸੀ। ਐਕਸਚੇਂਜ ਦੀ ਵੋਲੈਟੀਲਿਟੀ (ਡਰ ਦਾ ਮੀਟਰ) ਵਧ ਕੇ 53.10 ਦਾ ਨਿਸ਼ਾਨ ਦਿਖਾ ਰਿਹਾ ਸੀ। ਰੂਸ ਵਲੋਂ ਯੂਕ੍ਰੇਨ ’ਤੇ ਪੂਰੀ ਤਰ੍ਹਾਂ ਹਮਲੇ ਦੇ ਐਲਾਨ ਤੋਂ ਬਾਅਦ ਕੌਮਾਂਤਰੀ ਸਟਾਕਸ ਅਤੇ ਯੂ. ਐੱਸ. ਬਾਂਡ ਯੀਲਡ ਨੇ ਵੀ ਗੋਤਾ ਲਗਾਇਆ ਜਦ ਕਿ ਡਾਲਰ, ਗੋਲਡ ਅਤੇ ਤੇਲ ਦੀਆਂ ਕੀਮਤਾਂ ਉਛਲ ਕੇ ਕਾਫੀ ਉੱਪਰ ਚਲੀਆਂ ਗਈਆਂ।

ਐੱਮ. ਸੀ. ਐਕਸ. ’ਤੇ 1400 ਰੁਪਏ ਉਛਲਿਆ ਸੋਨਾ

ਯੂਕ੍ਰੇਨ ’ਤੇ ਰੂਸ ਦੀ ਫੌਜੀ ਕਾਰਵਾਈ ਨਾਲ ਅੱਜ ਸੋਨੇ ਦੀਆਂ ਕੀਮਤਾਂ ’ਚ ਭਾਰੀ ਉਛਾਲ ਆ ਗਿਆ ਅਤੇ ਇਹ ਇਕ ਸਾਲ ਉੱਚ ਪੱਧਰ ’ਤੇ ਪਹੁੰਚ ਗਿਆ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਅੱਜ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ ’ਚ 1400 ਰੁਪਏ ਉਛਲ ਕੇ 51,750 ਰੁਪਏ ’ਤੇ ਪਹੁੰਚ ਗਈ ਜੋ 2022 ’ਚ ਇਸ ਦਾ ਉੱਚ ਪੱਧਰ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਯੂਕ੍ਰੇਨ ’ਚ ਰੂਸ ਦੀ ਫੌਜੀ ਕਾਰਵਾਈ ਲੰਮੇ ਸਮੇਂ ਤੱਕ ਚਲਦੀ ਹੈ ਤਾਂ ਇਸ ਨਾਲ ਸੋਨੇ ਦੀ ਕੀਮਤ ਆਲ ਟਾਈਮ ਹਾਈ ’ਤੇ ਪਹੁੰਚ ਸਕਦੀ ਹੈ।

ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀ ਸਪਾਟ ਕੀਮਤ 1925 ਡਾਲਰ ਦੀ ਰੁਕਾਵਟ ਨੂੰ ਪਾਰ ਕਰਦੇ ਹੋਏ 1950 ਡਾਲਰ ਪ੍ਰਤੀ ਓਂਸ ’ਤੇ ਪਹੁੰਚ ਗਈ ਜੋ ਇਸ ਦਾ 13 ਮਹੀਨਿਆਂ ਦਾ ਉੱਚ ਪੱਧਰ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ 2000 ਡਾਲਰ ਤੱਕ ਜਾ ਸਕਦਾ ਹੈ। ਐੱਮ. ਸੀ. ਐਕਸ. ’ਤੇ ਅਪ੍ਰੈਲ ਡਲਿਵਰੀ ਵਾਲਾ ਸੋਨਾ 12.30 ਵਜੇ 1222 ਰੁਪਏ ਦੀ ਤੇਜ਼ੀਨਾਲ 51601 ਰੁਪਏ ’ਤੇ ਟ੍ਰੇਡ ਕਰ ਰਿਹਾ ਸੀ। ਕੱਲ ਇਹ 50379 ਰੁਪਏ ’ਤੇ ਬੰਦ ਹੋਇਆ ਸੀ ਅਤੇ ਅੱਜ 50800 ਰੁਪਏ ’ਤੇ ਖੁੱਲ੍ਹਿਆ। ਮਾਰਚ ਡਲਿਵਰੀ ਵਾਲੀ ਚਾਂਦੀ ਵੀ 1569 ਰੁਪਏ ਦੀ ਤੇਜ਼ੀ ਨਾਲ 66154 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਟ੍ਰੇਡ ਕਰ ਰਹੀ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਐੱਮ. ਸੀ. ਐਕ. ’ਤੇ ਸੋਨਾ ਸ਼ਾਰਟ ਟਰਮ ’ਚ 53,000 ਰੁਪਏ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਯੂਕ੍ਰੇਨ ’ਚ ਸਥਿਤੀ ਆਮ ਵਾਂਗ ਹੋ ਜਾਂਦੀ ਹੈ ਤਾਂ ਸੋਨੇ ’ਚ ਗਿਰਾਵਟ ਆ ਸਕਦੀ ਹੈ।

ਭਾਰਤ ਨਾਲ 2.8 ਅਰਬ ਡਾਲਰ ਦਾ ਕਾਰੋਬਾਰ ਖਤਰੇ ’ਚ

ਰੂਸ-ਯੂਕ੍ਰੇਨ ਯੁੱਧ ਦਾ ਅਸਰ ਭਾਰਤ ਅਤੇ ਯੂਕ੍ਰੇਨ ਦਰਮਿਆਨ ਵਪਾਰਕ ਸਬੰਧਾਂ ’ਤੇ ਵੀ ਪੈ ਸਕਦਾ ਹੈ। ਵਿੱਤੀ ਸਾਲ 2018-19 ’ਚ ਦੋਵੇਂ ਦੇਸ਼ਾਂ ਦਰਮਿਆਨ ਦੋਪੱਖੀ ਵਪਾਰ ਕਰੀਬ 2.8 ਅਰਬ ਡਾਲਰ ਦਾ ਸੀ। ਨਾਲ ਹੀ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਯੂਕ੍ਰੇਨ ਦੇ ਕਾਲਜਾਂ ’ਚ ਪੜ੍ਹ ਰਹੇ ਹਨ।

ਕਾਮਰਸ ਐਂਡ ਇੰਡਸਟਰੀ ਮਨਿਸਟਰੀ ਦੇ ਡਿਪਾਰਟਮੈਂਟ ਆਫ ਕਾਮਰਸ ਮੁਤਾਬਕ ਭਾਰਤ ਅਤੇ ਯੂਕ੍ਰੇਨ ਦਰਮਿਆਨ ਦੋ-ਪੱਖੀ ਵਪਾਰ ’ਚ ਪਿਛਲੇ 25 ਸਾਲਾਂ ’ਚ ਕਾਫੀ ਤੇਜ਼ੀ ਆਈ ਹੈ। ਵਿੱਤੀਸਾਲ 2018-19 ’ਚ ਇਹ ਕਰੀਬ 2.8 ਅਰਬ ਡਾਲਰ ਸੀ। ਏਸ਼ੀਆ-ਪ੍ਰਸ਼ਾਂਤ ’ਚ ਯੂਕ੍ਰੇਨ ਸਭ ਤੋਂ ਬਰਾਮਦ ਭਾਰਤ ਨੂੰ ਹੀ ਕਰਦਾ ਹੈ। ਯੂਕ੍ਰੇਨ ਜਿਨ੍ਹਾਂ ਦੇਸ਼ਾਂ ਨੂੰ ਸਭ ਤੋਂ ਵੱਧ ਬਰਾਮਦ ਕਰਦਾ ਹੈ, ਉਨ੍ਹਾਂ ’ਚ ਭਾਰਤ 5ਵੇਂ ਨੰਬਰ ’ਤੇ ਹੈ।

ਭਾਰਤ ਅਤੇ ਯੂਕ੍ਰੇਨ ਦਰਮਿਆਨ ਦੋ-ਪੱਖੀ ਵਪਾਰ ’ਚ ਹੋਇਆ ਵਾਧਾ

ਯੂਕ੍ਰੇਨ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਚ ਖੇਤੀਬਾੜੀ ਨਾਲ ਸਬੰਧਤ ਉਤਪਾਦ, ਮੈਟਾਲਰਜੀਕਲ ਉਤਪਾਦ, ਪਲਾਸਟਿਕ ਅਤੇ ਪਾਲੀਮਰਸ ਸ਼ਾਮਲ ਹਨ। ਭਾਰਤ ਯੂਕ੍ਰੇਨ ਨੂੰ ਦਵਾਈ, ਮਸ਼ੀਨਰੀ, ਕੈਮੀਕਲਸ, ਫੂਡ ਪ੍ਰੋਡਕਟਸ ਆਦਿ ਦੀ ਬਰਾਮਦ ਕਰਦਾ ਹੈ।

ਭਾਰਤ ਦੀਆਂ ਕਈਆਂ ਕੰਪਨੀਆਂ ਦੇ ਯੂਕ੍ਰੇਨ ’ਚ ਆਫਿਸ ਹਨ। ਇਨ੍ਹਾਂ ’ਚ ਡਾ. ਰੈੱਡੀਜ਼ ਲੈਬ ਅਤੇ ਸਨ ਗਰੁੱਪ ਆਦਿ ਸ਼ਾਮਲ ਹਨ। ਨਾਲ ਹੀ ਭਾਰਤ ਦੀਆਂ ਵੱਡੀਆਂ ਦਵਾਈ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਯੂਕ੍ਰੇਨ ’ਚ ਇੰਡੀਅਨ ਫਾਰਮਾਸਿਊਟੀਕਲ ਮੈਨੂਫੈਕਚਰਰਸ ਐਸੋਸੀਏਸ਼ਨ ਇਨ ਯੂਕ੍ਰੇਨ ਨਾਂ ਨਾਲ ਇਕ ਸੰਸਥਾ ਵੀ ਬਣਾਈ ਹੈ।

ਹਾਲ ਹੀ ਦੇ ਸਾਲਾਂ ’ਚ ਭਾਰਤ ਅਤੇ ਯੂਕ੍ਰੇਨ ਦਰਮਿਆਨ ਦੋ-ਪੱਖੀ ਵਪਾਰ ’ਚ ਲਗਾਤਾਰ ਵਾਧਾ ਹੋਇਆ ਹੈ। 2015-16 ’ਚ ਭਾਰਤ ਨੇ ਯੂਕ੍ਰੇਨ ਨੂੰ 259.11 ਮਿਲੀਅਨ ਡਾਲਰ ਦੀ ਬਰਾਮਦ ਕੀਤੀ ਸੀ ਜੋ 2019-20 ’ਚ ਵਧ ਕੇ 463.79 ਮਿਲੀਅਨ ਡਾਲਰ ਹੋ ਗਿਆ ਹੈ। ਇਸ ਤਰ੍ਹਾਂ ਭਾਰਤ ਨੇ 2019-20 ’ਚ ਯੂਕ੍ਰੇਨ ਤੋਂ 2060.79 ਮਿਲੀਅਨ ਡਾਲਰ ਦਾ ਸਾਮਾਨ ਦਰਾਮਦ ਕੀਤਾ ਸੀ।

ਵਿੱਤੀ ਸਾਲ 2023 ’ਚ ਚਾਲੂ ਖਾਤੇ ਦਾ ਘਾਟਾ ਵਧ ਕੇ ਜੀ. ਡੀ. ਪੀ. ਦੇ 2.5 ਫੀਸਦੀ ’ਤੇ ਰਹਿਣ ਦਾ ਖਦਸ਼ਾ

ਜੰਗ ਦੇ ਐਲਾਨ ਦੇ ਨਾਲ ਗਲੋਬਲ ਫਿਊਲ ਆਇਲ ਦੀਆਂ ਕੀਮਤਾਂ ’ਚ ਵਾਧੇ ਨਾਲ ਭਾਰਤ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮਹਿੰਗਾਈ ’ਚ ਵਾਧਾ ਹੋਵੇਗਾ ਅਤੇ ਚਾਲੂ ਖਾਤੇ ਦਾ ਘਾਟਾ ਯਾਨੀ ਕਰੰਟ ਅਕਾਊਂਟ ਡੈਫੀਸਿਟ ਵਧ ਜਾਵੇਗਾ।

ਰੂਸ ਦੀ ਯੂਕ੍ਰੇਨ ’ਚ ਫੌਜੀ ਕਾਰਵਾਈ ਨਾਲ ਬ੍ਰੇਂਟ ਕਰੂਡ ਨੇ 100 ਡਾਲਰ ਪ੍ਰਤੀ ਬੈਰਲ ਦੇ ਨਿਸ਼ਾਨ ਨੂੰ ਤੋੜ ਦਿੱਤਾ। ਅਰਥਸ਼ਾਸਤਰੀਆਂ ਨੂੰ ਲਗਦਾ ਹੈ ਕਿ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਰੁਪਏ ’ਤੇ ਵੀ ਦਬਾਅ ਪਵੇਗਾ।

ਰੇਟਿੰਗ ਫਰਮ ਆਈ. ਸੀ. ਆਰ. ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਜੇ ਵਿੱਤੀ ਸਾਲ 2022-23 ਤੱਕ ਭਾਰਤੀ ਕੱਚੇ ਤੇਲ ਦਾ ਔਸਤ ਯੂ. ਐੱਸ. 100 ਡਾਲਰ ਪ੍ਰਤੀ ਬੈਰਲ ਰਹਿੰਦਾ ਹੈ ਤਾਂ ਚਾਲੂ ਖਾਤੇ ਦਾ ਘਾਟਾ ਜੀ. ਡੀ. ਪੀ. ਦੇ 2.3-2.5 ਫੀਸਦੀ ਤੱਕ ਵਧ ਸਕਦਾ ਹੈ।

ਰੁਪਏ ’ਚ 99 ਪੈਸੇ ਦੀ ਭਾਰੀ ਗਿਰਾਵਟ

ਵਿਦੇਸ਼ੀ ਮੁਦਰਾ ਬਾਜ਼ਾਰ ’ਚ ਅੱਜ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਇਆ 99 ਪੈਸੇ ਦੀ ਜ਼ੋਰਦਾਰ ਗਿਰਾਵਟ ਨਾਲ 75.60 ਪ੍ਰਤੀ ਡਾਲਰ ’ਤੇ ਬੰਦ ਹੋਇਆ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਦੀ ਨਿਰੰਤਰ ਨਿਕਾਸੀ, ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਵਿਕਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ। ਇੰਟਰਬੈਂਕ ਵਿਦੇਈਸ਼ ਮੁਦਰਾ ਬਾਜ਼ਾਰ ’ਚ ਰੁਪਇਆ75.02 ਪ੍ਰਤੀ ਡਾਲਰ ’ਤੇ ਖੁੱਲ੍ਹਣ ਤੋਂ ਬਾਅਦ 75.75 ਰੁਪਏ ਤੱਕ ਹੇਠਾਂ ਚਲਾ ਗਿਆ।

ਡਿਜੀਟਲ ਮਾਰਕੀਟ ਦੀ ਨਿਕਲੀ ਹਵਾ

ਅੱਜ ਡਿਜੀਟਲ ਮਾਰਕੀਟ ਦੀ ਹਵਾ ਨਿਕਲ ਗਈ। ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਪੁਰਾਣੀ ਅਤੇ ਸਭ ਤੋਂ ਲੋਕਪ੍ਰਿਯ ਕ੍ਰਿਪਟੋ ਕਰੰਸੀ ਬਿਟਕੁਆਈਨ ’ਚ 12 ਫੀਸਦੀ ਤੱਕ ਗਿਰਾਵਟ ਆਈ। ਹਾਲਾਂਕਿ ਬਾਅਦ ’ਚ ਇਸ ’ਚ ਕੁੱਝ ਸੁਧਾਰ ਹੋਇਆ।

ਕ੍ਰਿਪਟੋ ਐਕਸਚੇਂਜ ਵਜ਼ੀਰਐਕਸ ਮੁਤਾਬਕ 2.50 ਵਜੇ ਇਹ 8.12 ਫੀਸਦੀ ਦੀ ਗਿਰਾਵਟ ਨਾਲ 35,592 ਡਾਲਰ ਪ੍ਰਤੀ 28,05,056 ਰੁਪਏ ’ਤੇ ਟ੍ਰੇਡ ਕਰ ਰਹੀ ਸੀ।

ਬਿਟਕੁਆਈਨ ਦੀ ਕੀਮਤ ਸਵੇਰੇ 34,500 ਡਾਲਰ ਦੇ ਪੱਧਰ ’ਤੇ ਆ ਗਈ ਸੀ। ਇਸ ਸਾਲ ਸੋਨੇ ਨੇ ਕ੍ਰਿਪਟੋ ਕਰੰਸੀਜ਼ ਤੋਂ ਕਿਤੇ ਬਿਹਤਰ ਰਿਟਰਨ ਦਿੱਤਾ ਹੈ ਅਤੇ ਇਕ ਸਾਲ ਦੇ ਉੱਚ ਪੱਧਰ ’ਤੇ ਟ੍ਰੇਡ ਕਰ ਰਿਹਾ ਹੈ।

ਸ਼ੁੱਕਰਵਾਰ ਨੂੰ ਕੀ ਰਹਿ ਸਕਦੈ ਹਾਲ

ਸ਼ੇਅਰ ਬਾਜ਼ਾਰਾਂ ’ਚ ਯੂਕ੍ਰੇਨ ’ਤੇ ਹਮਲੇ ਦੀ ਉੱਘ-ਸੁੱਘ ਲਗਦੇ ਹੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ। ਪਿਛਲੇ 7 ਸਾਲਾਂ ਤੋਂ ਗਿਰਾਵਟ ਦਾ ਦੌਰ ਜਾਰੀ ਹੈ। ਅਜਿਹੇ ’ਚ ਸ਼ੁੱਕਰਵਾਰ ਨੂੰ ਵੀ ਇਸ ਦੇ ਬਣੇ ਰਹਿਣ ਦੀ ਸੰਭਾਵਨਾ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ੁੱਕਰਵਾਰ ਨੂੰ ਵੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਦਾ ਸਾਹਮਣਾ ਕਰ ਸਕਦੇ ਹਨ, ਜਿਸ ਨਾਲ ਸ਼ੁੱਕਰਵਾਰ ਦਾ ਦਿਨ ਨਿਵੇਸ਼ਕਾਂ ਲਈ ਬਲੈਕ ਫ੍ਰਾਈਡੇ ਸਾਬਤ ਹੋ ਸਕਦਾ ਹੈ। ਵੀਰਵਾਰ ਨੂੰ ਆਈ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 10 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।


Harinder Kaur

Content Editor

Related News