ਡਾਲਰ ਦਾ ਰੇਟ 76 ਰੁ: ਤੋਂ ਵੀ ਪਾਰ, ਤੁਹਾਡੀ ਜੇਬ ''ਤੇ ਹੋਣ ਜਾ ਰਿਹੈ ਇਹ ਭਾਰੀ ਅਸਰ

04/08/2020 11:02:23 PM

ਨਵੀਂ ਦਿੱਲੀ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਸਕੂਲ-ਕਾਲਜ ਤੇ ਦੁਕਾਨਾਂ-ਕਾਰੋਬਾਰ ਠੱਪ ਹਨ। ਇਸ ਵਿਚਕਾਰ ਡਾਲਰ ਮਹਿੰਗਾ ਤੇ ਰੁਪਿਆ ਕਮਜ਼ੋਰ ਹੋਣ ਨਾਲ ਵਿਦੇਸ਼ ਵਿਚ ਬੈਠੇ ਵਿਦਿਆਰਥੀਆਂ ਨੂੰ ਪਰਿਵਾਰਾਂ ਵੱਲੋਂ ਇੱਥੋਂ ਖਰਚਾ ਭੇਜਣਾ ਜੇਬ ਨੂੰ ਹੋਰ ਭਾਰੀ ਪੈਣ ਜਾ ਰਿਹਾ ਹੈ। ਬੁੱਧਵਾਰ ਨੂੰ ਇਕ ਡਾਲਰ ਦੀ ਕੀਮਤ 76 ਰੁਪਏ ਤੋਂ ਪਾਰ ਹੋ ਗਈ ਹੈ। ਫਾਰੈਕਸ ਡੀਲਰਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਬ੍ਰੈਂਟ ਕੱਚੇ ਤੇਲ ਦੀ ਕੀਮਤ ਵਧਣ ਅਤੇ ਅਮਰੀਕੀ ਡਾਲਰ ਮਜਬੂਤ ਹੋਣ ਦੀ ਵਜ੍ਹਾ ਨਾਲ ਭਾਰਤੀ ਕਰੰਸੀ ਕਮਜ਼ੋਰ ਹੋਈ ਹੈ।

 

ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਮੰਦੀ ਦਾ ਖਦਸ਼ਾ ਵਧਣ ਕਾਰਨ ਸਟਾਕ ਬਾਜ਼ਾਰ ਡਿੱਗੇ ਹਨ, ਜਿਸ ਦਾ ਪ੍ਰਭਾਵ ਰੁਪਏ ਦੀ ਧਾਰਣਾ 'ਤੇ ਪਿਆ ਹੈ। ਬੁੱਧਵਾਰ ਨੂੰ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 70 ਪੈਸੇ ਟੁੱਟ ਕੇ 76.34 'ਤੇ ਬੰਦ ਹੋਈ ਹੈ। ਮੰਗਲਵਾਰ ਨੂੰ ਰੁਪਿਆ 75.64 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇੱਥੇ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਰਿਜ਼ਰਵ ਬੈਂਕ ਨੇ 17 ਅਪ੍ਰੈਲ ਤੱਕ ਵਿਦੇਸ਼ੀ ਕਰੰਸੀਜ਼, ਸਰਕਾਰੀ ਬਾਂਡ ਤੇ ਕਾਲ ਮਨੀ ਬਾਜ਼ਾਰ ਵਿਚ ਕਾਰੋਬਾਰ ਦਾ ਸਮਾਂ ਘਟਾ ਕੇ ਸਵੇਰੇ 10 ਤੋਂ ਦੁਪਹਿਰ ਬਾਅਦ 2 ਵਜੇ ਤਕ ਕਰ ਦਿੱਤਾ ਹੈ।

ਤੁਹਾਡੀ ਜੇਬ 'ਤੇ ਹੋਰ ਕੀ ਅਸਰ?
ਡਾਲਰ ਮਹਿੰਗਾ ਹੋਣ ਨਾਲ ਜਿੱਥੇ ਵਿਦੇਸ਼ੀ ਪੜ੍ਹਾਈ ਲਈ ਇੱਥੋਂ ਖਰਚ ਭੇਜਣਾ ਮਹਿੰਗਾ ਹੋ ਜਾਂਦਾ ਹੈ, ਉੱਥੇ ਹੀ ਇੰਪੋਰਟ ਵੀ ਮਹਿੰਗਾ ਪੈਂਦਾ ਹੈ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਧਣੀ ਸ਼ੁਰੂ ਹੋ ਗਈ ਹੈ, ਰੁਪਿਆ ਕਮਜ਼ੋਰ ਹੋਣ ਨਾਲ ਇਸ ਦੀ ਦਰਾਮਦ ਹੋਰ ਮਹਿੰਗੀ ਪਵੇਗੀ। ਹਾਲਾਂਕਿ, ਫਿਲਹਾਲ ਬ੍ਰੈਂਟ ਕੱਚੇ ਤੇਲ ਦੀ ਕੀਮਤ 32 ਡਾਲਰ ਪ੍ਰਤੀ ਬੈਰਲ ਦੇ ਹੀ ਆਸਪਾਸ ਹੈ ਪਰ ਤੇਲ ਕੰਪਨੀਆਂ ਨੇ ਬੀ. ਐੱਸ.-6 ਲਈ ਭਾਰੀ ਨਿਵੇਸ਼ ਕੀਤਾ ਹੈ, ਇਸ ਵਿਚਕਾਰ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੋਣ ਨਾਲ ਇਸ ਦੀ ਭਰਪਾਈ ਰੁਕ ਗਈ ਹੈ, ਯਾਨੀ ਲਾਕਡਾਊਨ ਹਟਣ 'ਤੇ ਪੈਟਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ। ਉੱਥੇ ਹੀ, ਡਾਲਰ ਦੀ ਕੀਮਤ 76 ਰੁਪਏ ਹੋਣ ਨਾਲ NRIs ਪਰਿਵਾਰਾਂ ਨੂੰ ਫਾਇਦਾ ਹੋਵੇਗਾ, ਫਿਲਹਾਲ ਕਿਉਂਕਿ ਵਿਸ਼ਵ ਭਰ ਵਿਚ ਕੰਮਕਾਜ ਠੱਪ ਹਨ ਇਸ ਦਾ ਫਾਇਦਾ ਸੀਮਤ ਰਹਿ ਸਕਦਾ ਹੈ। ਅਮਰੀਕੀ ਡਾਲਰ ਨੂੰ ਇਕ ਗਲੋਬਲ ਕਰੰਸੀ ਮੰਨਿਆ ਜਾਂਦਾ ਹੈ ਕਿਉਂਕਿ ਵਿਸ਼ਵ ਦੇ ਬਹੁਤੇ ਦੇਸ਼ ਇਸ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਵਰਤਦੇ ਹਨ। ਇਹ ਅਸਾਨੀ ਨਾਲ ਬਹੁਤ ਸਾਰੀਆਂ ਥਾਵਾਂ 'ਤੇ ਸਵੀਕਾਰ ਕਰ ਲਿਆ ਜਾਂਦਾ ਹੈ।


Sanjeev

Content Editor

Related News