ਅੱਜ ਤੋਂ ਬਦਲਣ ਜਾ ਰਹੇ ਹਨ Credit-Debit ਕਾਰਡ ਨਾਲ ਜੁੜੇ ਇਹ ਨਿਯਮ

Monday, Mar 16, 2020 - 11:21 AM (IST)

ਨਵੀਂ ਦਿੱਲੀ — ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਜੁੜੇ ਨਿਯਮ ਅੱਜ ਯਾਨੀ ਕਿ 16 ਮਾਰਚ ਤੋਂ ਬਦਲਣ ਜਾ ਰਹੇ ਹਨ। ਨਵੇਂ ਨਿਯਮ ਕਾਰਡ ਨੂੰ ਹੋਰ ਜ਼ਿਆਦਾ ਸੁਰੱਖਿਅਤ ਅਤੇ ਆਸਾਨ ਬਣਾਉਣ ਲਈ ਜਾਰੀ ਕੀਤੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਨਵੇਂ ਨਿਯਮਾਂÎ ਕਾਰਨ ਆਮ ਲੋਕਾਂ ਨੂੰ ਫਾਇਦਾ ਵੀ ਹੋਵੇਗਾ ਅਤੇ ਕੁਝ ਨੁਕਸਾਨ ਵੀ। ਭਾਰਤੀ ਰਿਜ਼ਰਵ ਬੈਂਕ ਨੇ ਡੈਬਿਟ ਅਤੇ ਕ੍ਰੈਡਿਟ ਕਾਰਡ ਜ਼ਰੀਏ ਹੋਣ ਵਾਲੇ ਟਰਾਂਜੈਕਸ਼ਨਸ ਨੂੰ ਹੋਰ ਆਸਾਨ ਅਤੇ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਦੋਵਾਂ ਕਾਰਡ ਨੂੰ ਈਸ਼ੂ/ਰੀਈਸ਼ੂ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਨੂੰ ਲੈ ਕੇ ਰਿਜ਼ਰਵ ਬੈਂਕ ਵਲੋਂ 15 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਹ ਨਿਯਮ ਪ੍ਰੀਪੇਡ ਗਿਫਟ ਕਾਰਡਸ ਅਤੇ ਮੈਟਰੋ ਕਾਰਡ 'ਤੇ ਲਾਗੂ ਨਹੀਂ ਹੋਣਗੇ।

ਸਿਰਫ ਡੋਮੈਸਟਿਕ ਟਰਾਂਜੈਕਸ਼ਨ ਹੋਵੇਗਾ

ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਡੈਬਿਟ-ਕ੍ਰੈਡਿਟ ਕਾਰਡ ਜਾਰੀ/ਫਿਰ ਤੋਂ ਜਾਰੀ ਕਰਦੇ ਸਮੇਂ ਉਨ੍ਹਾਂ ਨੂੰ ਸਿਰਫ ਭਾਰਤ 'ਚ ਏ.ਟੀ.ਐਮ. ਅਤੇ ਪੁਆਇੰਟ ਆਫ ਸੇਲ(ਪੀ.ਓ.ਐਸ.) ਟਰਮਿਨਲਸ 'ਤੇ ਟਰਾਂਜੈਕਸ਼ਨਸ ਲਈ ਐਕਟਿਵ/ਜਾਰੀ ਕਰਨ। ਯਾਨੀ ਕਿ ਹੁਣ ਇਨ੍ਹਾਂ ਕਾਰਡ ਜ਼ਰੀਏ ਭਾਰਤ ਵਿਚ ਘਰੇਲੂ ਪੱਧਰ 'ਤੇ ਹੀ ਟਰਾਂਜੈਕਸ਼ਨ ਹੋ ਸਕੇਗੀ। ਦੂਜੇ ਸ਼ਬਦÎਾਂ ਵਿਚ ਕਿਹਾ ਜਾਵੇ ਤਾਂ ਨਵੇਂ ਨਿਯਮਾਂ ਅਨੁਸਾਰ ਹੁਣ ਗਾਹਕ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਸਿਰਫ ਏ.ਟੀ.ਐਮ. ਅਤੇ ਪੀ.ਓ.ਐਸ. ਟਰਮਿਨਲ 'ਤੇ ਇਸਤੇਮਾਲ ਕਰ ਸਕਣਗੇ।

ਵਿਦੇਸ਼ਾਂ ਵਿਚ ਅਤੇ ਆਨਲਾਈਨ ਟਰਾਂਜੈਕਸ਼ਨਸ ਲਈ ਵੱਖ ਤੋਂ ਲੈਣੀ ਹੋਵੇਗੀ ਸਹੂਲਤ

ਰਿਜ਼ਰਵ ਬੈਂਕ ਦੇ ਇਸ ਆਦੇਸ਼ ਦੇ ਆਉਣ ਤੋਂ ਪਹਿਲਾਂ ਡੈਬਿਟ ਅਤੇ ਕ੍ਰੈਡਿਟ ਕਾਰਡ ਜਦੋਂ ਗਾਹਕਾਂ ਨੂੰ ਮਿਲਦੇ ਸਨ ਤਾਂ ਇਨ੍ਹਾਂ ਕਾਰਡ ਵਿਚ ਹੀ ਦੇਸ਼-ਵਿਦੇਸ਼ 'ਚ ਟਰਾਂਜੈਕਸ਼ਨ ਕਰਨ ਦੀ ਸਹੂਲਤ ਮੌਜੂਦ ਹੁੰਦੀ ਸੀ। ਪਰ ਹੁਣ ਗਾਹਕਾਂ ਨੂੰ ਇਹ ਸੇਵਾ ਬੈਂਕ 'ਚ ਬੇਨਤੀ ਕਰਕੇ ਲੈਣੀ ਹੋਵੇਗੀ। ਯਾਨੀ ਕਿ ਜੇਕਰ ਗਾਹਕ ਆਨਲਾਈਨ ਟਰਾਂਜੈਕਸ਼ਨਸ, ਕਾਨਟੈਕਟਲੇਸ ਟਰਾਂਜੈਕਸ਼ਨ ਜਾਂ ਇੰਟਰਨੈਸ਼ਨਲ ਟਰਾਂਜੈਕਸ਼ਨ ਕਰਨਾ ਚਾਹੂੰਦੇ ਹਨ ਤਾਂ ਇਨ੍ਹਾਂ ਸੇਵਾਵਾਂ ਨੂੰ ਚਾਲੂ ਕਰਨਾ ਹੋਵੇਗਾ। ਪੁਰਾਣੇ ਨਿਯਮਾਂ ਅਨੁਸਾਰ ਇਹ ਸੇਵਾਵਾਂ ਕਾਰਡ ਦੇ ਨਾਲ ਹੀ ਮਿਲ ਜਾਂਦੀਆਂ ਸਨ। ਪਰ ਹੁਣ ਗਾਹਕ ਵਲੋਂ ਬੇਨਤੀ ਕਰਨ 'ਤੇ ਹੀ ਇਹ ਸਹੂਲਤ ਬੈਂਕ ਵਲੋਂ ਜਾਰੀ ਕੀਤੀ ਜਾਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਤੁਹਾਨੂੰ ਵਿਦੇਸ਼ ਵਿਚ ਜਾਂ ਆਨਲਾਈਨ ਜਾਂ ਕਾਨਟੈਕਟਲੇਸ ਦੀ ਸਹੂਲਤ ਚਾਹੀਦੀ ਹੈ ਤਾਂ ਤੁਹਾਨੂੰ ਇਹ ਸੇਵਾ ਵੱਖ ਤੋਂ ਲੈਣੀ ਹੋਵੇਗੀ।

ਸਾਰੇ ਕਾਰਡ 'ਤੇ ਲਾਗੂ ਹੋਵੇਗਾ ਇਹ ਨਿਯਮ

ਜਿਹੜੇ ਲੋਕਾਂ ਕੋਲ ਅਜੇ ਕਾਰਡ ਹੈ ਉਹ ਆਪਣੇ ਜੋਖਮ ਦੇ ਆਧਾਰ 'ਤੇ ਇਹ ਤੈਅ ਕਰ  ਸਕਣਗੇ ਕਿ ਉਹ ਆਪਣੇ ਡੋਮੈਸਟਿਕ ਅਤੇ ਇੰਟਰਨੈਸ਼ਨਲ ਕਾਰਡ ਦੇ ਟਰਾਂਜੈਕਸ਼ਨ ਨੂੰ ਡਿਸਏਬਲ ਕਰਨਾ ਚਾਹੁੰਦੇ ਹਨ ਜਾਂ ਨਹੀਂ। ਯਾਨੀ ਕਿ ਜੇਕਰ ਤੁਸੀਂ ਚਾਹੋ ਤਾਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ ਇਨ੍ਹਾਂ ਸਹੂਲਤਾਂ ਨੂੰ ਡਿਸਏਬਲ ਵੀ ਕਰ ਸਕਦੇ ਹੋ।

ਬੰਦ ਹੋ ਜਾਵੇਗੀ ਇਹ ਸਹੂਲਤ

ਜੇਕਰ ਤੁਸੀਂ ਡੈਬਿਟ-ਕ੍ਰੈਡਿਟ ਕਾਰਡ ਦੇ ਗਾਹਕ ਹੋ ਅਤੇ ਤੁਸੀਂ ਅਜੇ ਤੱਕ ਆਪਣੇ ਕਾਰਡ ਤੋਂ ਕੋਈ ਆਨਲਾਈਨ ਟਰਾਂਜੈਕਸ਼ਨ, ਕਾਨਟੈਕਟਲੇਸ ਟਰਾਂਜੈਕਸ਼ਨ ਜਾਂ ਇੰਟਰਨੈਸ਼ਨਲ ਟਰਾਂਜੈਕਸ਼ਨ ਨਹੀਂ ਕੀਤਾ ਹੈ ਤਾਂ ਕਾਰਡ 'ਤੇ ਇਹ ਸੇਵਾਵਾਂ 16 ਮਾਰਚ ਤੋਂ ਆਪਣੇ ਆਪ ਬੰਦ ਹੋ ਜਾਣਗੀਆਂ। ਯਾਨੀ ਕਿ ਇਸ ਸਹੂਲਤ ਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਹਰ ਡੈਬਿਟ ਅਤੇ ਕ੍ਰੈਡਿਟ ਕਾਰਡ ਜ਼ਰੀਏ 16 ਮਾਰਚ ਤੋਂ ਪਹਿਲਾਂ ਘੱਟੋ-ਘੱਟ ਇਕ ਵਾਰ ਆਨਲਾਈਨ ਅਤੇ ਕਾਨਟੈਕਟਲੇਸ ਟਰਾਂਜੈਕਸ਼ਨ ਕੀਤਾ ਗਿਆ ਹੋਵੇ। 

ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਮੋਬਾਈਲ ਐਪਲੀਕੇਸ਼ਨ, ਲਿਮਟ ਮੋਡੀਫਾਈ ਕਰਨ ਲਈ ਨੈੱਟ ਬੈਂਕਿੰਗ ਵਿਕਲਪ ਅਤੇ ਇਨੇਬਲ-ਡਿਸੇਬਲ ਸੇਵਾਵਾਂ ਹਫਤੇ ਦੇ ਸੱਤ ਦਿਨ 24 ਘੰਟੇ ਉਪਲੱਬਧ ਕਰਵਾਉਣ।


Related News