ਲਾਕਡਾਉਨ ਦੌਰਾਨ 9.65 ਕਰੋੜ ਕਿਸਾਨਾਂ ਦੇ ਖਾਤਿਆਂ 'ਚ 19,000 ਕਰੋੜ ਹੋਏ ਜਮ੍ਹਾ

05/23/2020 11:25:35 AM

ਨਵੀਂ ਦਿੱਲੀ — ਸਰਕਾਰ ਨੇ ਲਾਕਡਾਉਨ ਦੀ ਮਿਆਦ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨਮੰਤਰੀ-ਕਿਸਾਨ) ਦੇ ਅਧੀਨ 9.65 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 19,000 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਪਾਈ ਹੈ। ਇਸ ਯੋਜਨਾ ਦਾ ਐਲਾਨ ਪਿਛਲੇ ਸਾਲ ਫਰਵਰੀ ਵਿਚ ਕੀਤਾ ਗਿਆ ਸੀ। ਇਸ ਯੋਜਨਾ ਤਹਿਤ 14 ਕਰੋੜ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ 6,000 ਰੁਪਏ ਦਿੱਤੇ ਜਾਣੇ ਹਨ। ਖੇਤੀਬਾੜੀ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ 'ਪੀ.ਐਮ.-ਕਿਸਾਨ ਦੇ ਤਹਿਤ ਲਾਕਡਾਉਨ ਸ਼ੁਰੂ ਹੋਣ ਯਾਨੀ ਕਿ 24 ਮਾਰਚ ਤੋਂ ਹੁਣ ਤੱਕ ਪ੍ਰਧਾਨ ਮੰਤਰੀ-ਕਿਸਾਨ ਅਧੀਨ 9.65 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿਚ 19,100.77 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕੀਤੀ ਗਈ ਹੈ। 

ਅੰਕੜਿਆਂ ਦਾ ਵੇਰਵਾ ਦਿੰਦੇ ਹੋਏ ਖੇਤੀਬਾੜੀ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 34.87 ਲੱਖ ਹੈਕਟੇਅਰ ਰਕਬੇ ਦੀ ਬਿਜਾਈ ਹੋ ਚੁੱਕੀ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ ਇਹ ਅੰਕੜਾ 25.29 ਲੱਖ ਹੈਕਟੇਅਰ ਸੀ। ਹੁਣ ਤੱਕ 12.80 ਲੱਖ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਬਿਜਾਈ ਕੀਤੀ ਜਾ ਚੁੱਕੀ ਹੈ, ਜੋ ਪਿਛਲੇ ਸਾਲ ਦੇ ਇਸੇ ਸਮੇਂ ਇਹ ਅੰਕੜਾ 9.67 ਲੱਖ ਹੈਕਟੇਅਰ ਸੀ। ਇਸੇ ਤਰ੍ਹਾਂ 10.28 ਲੱਖ ਹੈਕਟੇਅਰ ਰਕਬੇ ਵਿਚ ਮੋਟੇ ਅਨਾਜ ਦੀ ਬਿਜਾਈ ਕੀਤੀ ਗਈ ਹੈ। ਪਿਛਲੇ ਸਾਲ ਇਸੇ ਅਰਸੇ ਵਿਚ 7.30 ਲੱਖ ਹੈਕਟੇਅਰ ਵਿਚ ਬਿਜਾਈ ਹੋਈ ਸੀ। ਇਸੇ ਤਰ੍ਹਾਂ ਤੇਲ ਬੀਜਾਂ ਦੀ ਬਿਜਾਈ ਅਧੀਨ ਰਕਬਾ 7.34 ਲੱਖ ਹੈਕਟੇਅਰ ਤੋਂ ਵਧ ਕੇ 9.28 ਲੱਖ ਹੈਕਟੇਅਰ ਹੋ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਲਾਕਡਾਉਨ ਦੌਰਾਨ ਨਾਫੇਡ ਨੇ 5.89 ਲੱਖ ਟਨ ਛੋਲੇ, 4.97 ਲੱਖ ਟਨ ਸਰ੍ਹੋਂ ਅਤੇ 4.99 ਲੱਖ ਟਨ ਤੂਅਰ (ਅਰਹਰ) ਦੀ ਖਰੀਦ ਕੀਤੀ ਹੈ।


Harinder Kaur

Content Editor

Related News