ਸਿਰਫ 1 ਰੁ: ਦਾਨ ਦੇ ਕੇ ਬਚਾ ਸਕਦੇ ਹੋ 12,500 ਰੁਪਏ ਟੈਕਸ, ਸਮਝੋ ਗਣਿਤ

Wednesday, Aug 18, 2021 - 01:35 PM (IST)

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ ਲਾਂਚ ਹੋਏ ਨੂੰ ਕਾਫ਼ੀ ਸਮਾਂ ਹੋ ਚੁੱਕਾ ਹੈ ਪਰ ਫਿਰ ਵੀ ਵੈੱਬਸਾਈਟ 'ਤੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੀ ਸਥਿਤੀ ਵਿਚ ਕੁਝ ਸਮਾਂ ਪਹਿਲਾਂ ਹੀ ਵਿੱਤੀ ਸਾਲ 2020-21 ਯਾਨੀ ਮੁਲਾਂਕਣ ਸਾਲ 2021-22 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ਼ 30 ਸਤੰਬਰ ਤੱਕ ਵਧਾਈ ਗਈ ਹੈ।  ਜਿਨ੍ਹਾਂ ਲੋਕਾਂ ਦੀ ਟੈਕਸੇਬਲ ਇਨਕਮ 5 ਲੱਖ ਰੁਪਏ ਹੈ ਉਹ ਤਾਂ ਚਿੰਤਾਮੁਕਤ ਦਿਸ ਰਹੇ ਹਨ ਪਰ ਜਿਨ੍ਹਾਂ ਦੀ ਇਨਕਮ 5 ਲੱਖ ਰੁਪਏ ਤੋਂ ਥੋੜ੍ਹੀ ਵੀ ਉਪਰ ਹੈ ਉਹ ਟੈਕਸ ਪਲਾਨਿੰਗ ਵਿਚ ਲੱਗੇ ਹੋਏ ਹਨ, ਅਜਿਹਾ ਇਸ ਲਈ ਕਿਉਂਕਿ 5 ਲੱਖ ਰੁਪਏ ਤੱਕ ਦੀ ਟੈਕਸੇਬਲ ਇਨਕਮ 'ਤੇ ਪ੍ਰਭਾਵੀ ਤੌਰ 'ਤੇ ਟੈਕਸ ਨਹੀਂ ਲੱਗਦਾ ਹੈ ਪਰ ਆਈ. ਟੀ. ਆਰ. ਫਾਈਲ ਕਰਨਾ ਜ਼ਰੂਰੀ ਹੈ।

ਇਨਕਮ ਟੈਕਸ ਸਲੈਬ ਅਨੁਸਾਰ, 2.5 ਲੱਖ ਰੁਪਏ ਤੋਂ ਉੱਪਰ ਦੀ ਇਨਕਮ 'ਤੇ ਟੈਕਸ ਲੱਗਦਾ ਹੈ ਪਰ ਜੇਕਰ ਤੁਹਾਡੀ ਇਨਕਮ 5 ਲੱਖ ਜਾਂ ਇਸ ਤੋਂ ਘੱਟ ਹੈ ਤਾਂ 87ਏ ਤਹਿਤ 12,500 ਰੁਪਏ ਤੱਕ ਦੀ ਛੋਟ ਮਿਲ ਜਾਂਦੀ ਹੈ। ਇਸ ਨਾਲ ਪ੍ਰਭਾਵੀ ਟੈਕਸ ਜ਼ੀਰੋ ਹੋ ਜਾਂਦਾ ਹੈ।

ਤਨਖ਼ਾਹ ਸਾਲਾਨਾ 5 ਲੱਖ ਰੁਪਏ ਤੱਕ ਹੈ ਤਾਂ ਕੋਈ ਗੱਲ ਨਹੀਂ ਪਰ ਮੰਨ ਲਓ ਕਿ ਤੁਹਾਡੀ ਟੈਕਸੇਬਲ ਇਨਕਮ 5 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਤੁਹਾਡਾ ਟੈਕਸ ਸਿਫ਼ਰ ਯਾਨੀ ਜ਼ੀਰੋ ਨਹੀਂ ਹੋਵੇਗਾ, ਅਜਿਹੀ ਸਥਿਤੀ ਵਿਚ ਤੁਹਾਨੂੰ 2.5 ਲੱਖ ਤੋਂ 5 ਲੱਖ 1 ਰੁਪਏ ਵਿਚਕਾਰ ਦੀ ਰਕਮ ਯਾਨੀ 2,50,001 ਰੁਪਏ 'ਤੇ ਟੈਕਸ ਦੇਣਾ ਹੋਵੇਗਾ। ਇਨਕਮ 5 ਲੱਖ ਰੁਪਏ ਤੋਂ ਵੱਧ ਹੋਣ ਕਾਰਨ 87ਏ ਤਹਿਤ ਛੋਟ ਨਹੀਂ ਮਿਲੇਗੀ। ਹੁਣ ਮੰਨ ਲਓ ਤੁਹਾਡੀ ਸਾਲਾਨਾ ਇਨਕਮ ਸਿਰਫ 1 ਰੁਪਏ ਕਾਰਨ 5 ਲੱਖ ਰੁਪਏ ਤੋਂ ਵੱਧ ਹੋ ਗਈ ਹੈ ਤਾਂ ਤੁਹਾਨੂੰ 80-ਜੀ ਤਹਿਤ ਦਿੱਤਾ 1 ਰੁਪਏ ਦਾ ਦਾਨ ਵੀ ਟੈਕਸ ਤੋਂ ਬਚਾ ਸਕਦਾ ਹੈ। ਇਸ ਨਾਲ ਤੁਹਾਡੀ ਇਨਕਮ 5 ਲੱਖ ਰੁਪਏ ਦੇ ਦਾਇਰੇ ਵਿਚ ਆ ਜਾਵੇਗੀ, ਯਾਨੀ ਇਸ ਤਰ੍ਹਾਂ 1 ਰੁਪਿਆ ਦਾਨ ਦੇ ਕੇ ਤੁਸੀਂ 12,500 ਰੁਪਏ ਤੱਕ ਦਾ ਟੈਕਸ ਬਚਾ ਸਕਦੇ ਹੋ।

ਇਹ ਰੱਖੋ ਯਾਦ-
ਜੇਕਰ ਤੁਸੀਂ 80-ਜੀ ਤਹਿਤ 1 ਰੁਪਏ ਦਾਨ ਦੇ ਕੇ ਆਪਣਾ ਟੈਕਸ ਬਚਾਉਣਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀ ਟੈਕਸ ਯੋਜਨਾਬੰਦੀ ਨੂੰ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਕਰੋ। ਇਹ ਇਸ ਲਈ ਹੈ ਕਿਉਂਕਿ ਜਿਸ ਸਾਲ ਤੁਸੀਂ ਦਾਨ ਕੀਤਾ ਹੈ, ਉਸੇ ਸਾਲ ਆਈ. ਟੀ. ਆਰ. ਭਰਦੇ ਸਮੇਂ ਤੁਸੀਂ ਇਹ ਛੋਟ ਪ੍ਰਾਪਤ ਕਰ ਸਕੋਗੇ। ਜੇਕਰ ਤੁਸੀਂ ਪਹਿਲਾਂ ਯੋਜਨਾਬੰਦੀ ਨਹੀਂ ਕੀਤੀ ਹੈ ਤਾਂ ਬਾਅਦ ਵਿਚ ਤੁਹਾਨੂੰ ਸਿਰਫ 1 ਰੁਪਏ ਦੀ ਵੱਧ ਸੈਲਰੀ ਕਾਰਨ 12,500 ਰੁਪਏ ਤੱਕ ਟੈਕਸ ਅਦਾ ਕਰਨਾ ਪਵੇਗਾ।


Sanjeev

Content Editor

Related News