‘ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਕਾਰਨ ਵਿਗੜ ਸਕਦੀ ਹੈ ਭਾਰਤੀ ਅਰਥਵਿਵਸਥਾ’

Wednesday, Jan 26, 2022 - 11:03 AM (IST)

ਨਵੀਂ ਦਿੱਲੀ–1 ਫਰਵਰੀ ਨੂੰ ਜਦੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰੇਗੀ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚਿੰਤਾ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਹੋਵੇਗੀ। ਕਈ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਹਾਲਾਂਕਿ 2 ਦਸੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਪਰ ਦੂਜੇ ਪਾਸੇ ਕੱਚਾ ਤੇਲ 70.5 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 87.35 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ ਅਤੇ ਗੋਲਡਮੈਨ ਸਾਕਸ ਮੁਤਾਬਕ 2022 ਦੀ ਤੀਜੀ ਤਿਮਾਹੀ ’ਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਜੇ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾਂਦੀ ਹੈ ਤਾਂ ਸਰਕਾਰ ਨੂੰ 2 ਮੋਰਚਿਆਂ ’ਤੇ ਲੜਨਾ ਪੈ ਸਕਦਾ ਹੈ। ਪਹਿਲਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਦੇਸ਼ ’ਚ ਮਹਿੰਗਾਈ ਵਧ ਸਕਦੀ ਹੈ ਅਤੇ ਦੂਜਾ ਟ੍ਰੇਡ ਡੈਫੀਸਿਟ (ਵਪਾਰ ਘਾਟਾ) ਵਧਣ ਦਾ ਖਦਸ਼ਾ ਹੈ, ਜਿਸ ਨਾਲ ਭਾਰਤੀ ਅਰਥਵਿਵਸਥਾ ਵਿਗੜ ਸਕਦੀ ਹੈ।
ਕੌਮਾਂਤਰੀ ਤਨਾਅ ਅਤੇ ਭਾਰਤ ਦੀ ਤੇਲ ਦਰਾਮਦ ’ਤੇ ਨਿਰਭਰਤਾ
ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਦੇ ਪਿੱਛੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਟਿਕਾਣਿਆਂ ’ਤੇ ਯਮਨ ਦੇ ਹੂਤੀ ਵਿਦ੍ਰੋਹੀਆਂ ਵਲੋਂ ਕੀਤੇ ਗਏ ਡ੍ਰੋਨ ਹਮਲੇ ਯੂਕ੍ਰੇਨ ਦੀ ਸਰਹੱਦ ’ਤੇ ਰੂਸੀ ਫੌਜ ਦੀ ਵਧਦੀ ਮੌਜੂਦਗੀ ਅਤੇ ਅਮਰੀਕਾ ਵਲੋਂ ਰੂਸੀ ਹਮਲੇ ਦੇ ਮਾਮਲੇ ’ਚ ਗੰਭੀਰ ਨਤੀਜੇ ਦੀ ਧਮਕੀ ਮੰਨਿਆ ਜਾ ਰਿਹਾ ਹੈ। ਕੌਮਾਂਤਰੀ ਤਨਾਅ ਅਤੇ ਸਪਲਾਈ ਸਬੰਧੀ ਚਿੰਤਾਵਾਂ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਹੋਰ ਉਛਾਲ ਆ ਸਕਦਾ ਹੈ।
ਦੂਜੇ ਪਾਸੇ ਭਾਰਤ ਆਪਣੀਆਂ ਘਰੇਲੂ ਤੇਲ ਲੋੜਾਂ ਦਾ 85 ਫੀਸਦੀ ਦਰਾਮਦ ਕਰਦਾ ਹੈ, ਇਸ ਲਈ ਦਰਾਮਦ ਬਿੱਲ ਵਧ ਜਾਏਗਾ। ਪਹਿਲਾਂ ਤੋਂ ਹੀ ਭਾਰਤ ਦਾ ਤੇਲ ਦਰਾਮਦ ਬਿੱਲ ਅਪ੍ਰੈਲ ਅਤੇ ਨਵੰਬਰ 2021 ਦਰਮਿਆਨ ਦੁੱਗਣੇ ਤੋਂ ਜ਼ਿਆਦਾ 71.1 ਬਿਲੀਅਨ ਡਾਲਰ ਹੋ ਗਿਆ ਹੈ। ਕੱਚੇ ਤੇਲ ’ਚ 10 ਡਾਲਰ ਪ੍ਰਤੀ ਬੈਰਲ ਦੇ ਵਾਧੇ ਨਾਲ ਭਾਰਤ ਦੀ ਮਹਿੰਗਾਈ ਦਰ ਲਗਭਗ 50 ਆਧਾਰ ਅੰਕ (ਬੇਸਿਕ ਪੁਆਇੰਟ) ਵਧ ਜਾਂਦੀ ਹੈ ਅਤੇ ਵਿੱਤੀ ਘਾਟੇ ’ਚ ਲਗਭਗ 40 ਆਧਾਰ ਅੰਕਾਂ ਦਾ ਵਾਧਾ ਹੁੰਦਾ ਹੈ।
ਕੱਚੇ ਤੇਲ ਦੀ ਕੀਮਤ ਦੇ ਉਛਾਲ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਅਨੁਪਾਤ ’ਚ ਚਾਲੂ ਖਾਤਾ ਘਾਟਾ (ਸੀ. ਏ. ਡੀ.) ’ਤੇ ਅਸਰ ਪੈਂਦਾ ਹੈ ਜੋ ਤੇਜ਼ੀ ਨਾਲ ਵਧਦੀ ਹੈ, ਭਾਵੇਂ ਹੀ ਜੀ. ਡੀ. ਪੀ. ਖੁਦ ਵਧ ਰਹੀ ਹੋਵੇ।
ਏ. ਟੀ. ਐੱਫ. ਦੀਆਂ ਕੀਮਤਾਂ ’ਤੇ ਕੀ ਅਸਰ?
ਏਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ਸਮੇਤ ਕਰੂਡ ਦੇ ਡਾਊਨਸਟ੍ਰੀਮ ਉਤਪਾਦਾਂ ਦੀ ਲਾਗਤ ਵਧ ਗਈ ਹੈ ਅਤੇ ਇਸ ਦੇ ਹੋਰ ਵਧਣ ਦੀ ਉਮੀਦ ਹੈ। 16 ਜਨਵਰੀ ਨੂੰ ਏ. ਟੀ. ਐੱਫ. ਦੀਆਂ ਕੀਮਤਾਂ 4.2 ਫੀਸਦੀ ਵਧੀਆਂ, ਜਿਸ ਨਾਲ ਨਵੀਂ ਦਿੱਲੀ ’ਚ ਕੀਮਤ 79,294.91 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ। ਮਹਾਮਾਰੀ ਤੋਂ ਪ੍ਰੇਰਿਤ ਘੱਟ ਮੰਗ ਅਤੇ ਉੱਚ ਈਂਧਨ ਦੀਆਂ ਕੀਮਤਾਂ ਜਹਾਜ਼ੀ ਉਦਯੋਗ ਦੀਆਂ ਪ੍ਰਮੁੱਖ ਚਿੰਤਾਵਾਂ ਰਹੀਆਂ ਹਨ, ਜਿਸ ਨੇ ਈਂਧਨ ਦਰਾਂ ’ਚ ਲੰਮੇ ਸਮੇਂ ਤੋਂ ਰਾਹਤ ਦੀ ਮੰਗ ਕੀਤੀ ਹੈ।
ਈਂਧਨ ਦੀਆਂ ਕੀਮਤਾਂ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਵਿਸ਼ਾ
ਈਂਧਨ ਦੀਆਂ ਕੀਮਤਾਂ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਵਿਸ਼ਾ ਹਨ। ਕਈ ਥਾਈਂ ਵਿਧਾਨ ਸਭਾ ਚੋਣਾਂ ਦੇ ਕਰੀਬ ਆਉਣ ਕਾਰਨ ਤੇਲ ਕੰਪਨੀਆਂ ਨੇ ਈਂਧਨ ਦੀਆਂ ਕੀਮਤਾਂ ’ਚ ਸੋਧ ਨੂੰ ਰੱਦ ਕਰ ਦਿੱਤਾ ਹੈ। ਕੱਚੇ ਤੇਲ ਦੇ ਹਰ ਇਕ ਡਾਲਰ ਦੇ ਵਾਧੇ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 50 ਪੈਸੇ ਪ੍ਰਤੀ ਲਿਟਰ ਦੇ ਵਾਧੇ ਦੀ ਲੋੜ ਹੁੰਦੀ ਹੈ। ਚੋਣਾਂ ਤੋਂ ਬਾਅਦ ਈਂਧਨ ਦੀਆਂ ਕੀਮਤਾਂ ’ਚ ਵਧਣ ਤੋਂ ਰੋਕਣ ਲਈ ਕੇਂਦਰ ਅਤੇ ਸੂਬਿਆਂ ਦੋਹਾਂ ਨੂੰ ਈਂਧਨ ’ਤੇ ਐਕਸਾਈਜ ਡਿਊਟੀ ਅਤੇ ਵੈਟ ’ਚ ਹੋਰ ਕਟੌਤੀ ਕਰਨ ਦੀ ਲੋੜ ਹੋਵੇਗੀ।
ਤੇਲ ਦੀਆਂ ਕੀਮਤਾਂ ਕਾਰਨ ਆਉਂਦੇ ਹਫਤੇ ’ਚ ਹੋਰ ਕਮਜ਼ੋਰ ਹੋਵੇਗਾ ਭਾਰਤੀ ਰੁਪਇਆ
ਵਿਦੇਸ਼ੀ ਮੁਦਰਾ ਬਾਜ਼ਾਰ ’ਚ ਮੰਗਲਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਇਆ 16 ਪੈਸੇ ਦੀ ਗਿਰਾਵਟ ਨਾਲ 74.76 (ਅਸਥਾਈ) ਪ੍ਰਤੀ ਡਾਲਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਉੱਚੇ ’ਚ 74.57 ਅਤੇ ਹੇਠਾਂ ’ਚ 74.80 ਤੱਕ ਗਿਆ। ਤੇਲ ਦਰਾਮਦਕਾਰਾਂ ਦੀ ਮਹੀਨਾਵਾਰ ਡਾਲਰ ਮੰਗ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਕਾਰਨ ਰੁਪਏ ਦੀ ਦਰ ’ਚ ਗਿਰਾਵਟ ਆਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਐੱਫ. ਆਈ. ਆਈ. ਦੇ ਇਕਵਿਟੀ ਬਾਜ਼ਾਰ ਤੋਂ ਪੈਸੇ ਦਾ ਵਹਾਅ ਆਉਂਦੇ ਹਫਤੇ ਦੌਰਾਨ ਭਾਰਤੀ ਰੁਪਏ ਨੂੰ ਹੋਰ ਕਮਜ਼ੋਰ ਕਰੇਗਾ।
ਕੀ ਕਹਿੰਦੇ ਹਨ ਬਾਜ਼ਾਰ ਦੇ ਜਾਣਕਾਰ
ਐਡਵਾਈਜ਼ ਸਕਿਓਰਿਟੀਜ਼ ਦੇ ਹੈੱਡ ਫਾਰੈਕਸ ਐਂਡ ਰੇਟਸ ਸਜਲ ਗੁਪਤਾ ਨੇ ਕਿਹਾ ਕਿ ਕਰੂਡ ਅਤੇ ਟ੍ਰੇਡ ਡੈਫੀਸਿਟ ’ਚ ਵਾਧੇ ਨਾਲ ਕਰੰਸੀ ’ਤੇ ਦਬਾਅ ਬਣਿਆ ਹੋਇਆ ਹੈ ਅਤੇ ਇੱਥੋਂ ਤੱਕ ਕਿ ਐੱਫ. ਪੀ. ਆਈ. ਦੇ ਵਹਾਅ ਨਾਲ ਵੀ ਰੁਪਏ ’ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਵਿਸ਼ੇਸ਼ ਤੌਰ ’ਤੇ ਯੂ. ਐੱਸ. ਫੈੱਡਰੇਲ ਰਿਜ਼ਰਵ ਵਲੋਂ ਦਰ ’ਚ ਵਾਧਾ ਸੰਭਾਵਿਤ ਤੌਰ ’ਤੇ ਭਾਰਤ ਅਤੇ ਹੋਰ ਉਭਰਦੇ ਬਾਜ਼ਾਰਾਂ ਤੋਂ ਵੱਧ ਐੱਫ. ਆਈ. ਆਈ. ਧਨ ਨੂੰ ਦੂਰ ਕਰ ਸਕਦੀ ਹੈ। ਗੁਪਤਾ ਨੇ ਕਿਹਾ ਕਿ ਓਮੀਕ੍ਰੋਨ ਦਾ ਪ੍ਰਭਾਵ ਘਟਣ ਤੋਂ ਬਾਅਦ ਹੀ ਮੰਗ ’ਚ ਸੁਧਾਰ ਹੋਵੇਗਾ ਅਤੇ ਇਸ ਤਰ੍ਹਾਂ ਵਧੇਰੇ ਦਰਾਮਦ ਅਤੇ ਰੁਪਏ ’ਤੇ ਵਧੇਰੇ ਦਬਾਅ ਹੋਵੇਗਾ। ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਲਗਭਗ ਆਉਣ ਵਾਲੇ ਸਮੇਂ ’ਚ ਕਮੋਡਿਟੀ ਦੀਆਂ ਕੀਮਤਾਂ ’ਚ ਵਾਧੇ ਲਈ ਇਕ ਖਤਰੇ ਦੀ ਘੰਟੀ ਹੈ।
ਫੈੱਡਰਲ ਰਿਜ਼ਰਵ ਦੀ ਬੈਠਕ ਦੇ ਨਤੀਜੇ ਦਾ ਇੰਤਜ਼ਾਰ
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਜੋਖਮ ਵਾਲੀਆਂ ਜਾਇਦਾਦਾਂ ਪ੍ਰਤੀ ਨਿਵੇਸ਼ ਧਾਰਨ ਕਮਜ਼ੋਰ ਹੋਣ ਕਾਰਨ ਰੁਪਏ ’ਚ ਗਿਰਾਵਟ ਆਈ ਹੈ। ਨਿਵੇਸ਼ਕਾਂ ਨੂੰ ਹੁਣ ਅੱਗੇ ਦੇ ਸੰਕੇਤਾਂ ਲਈ ਅਮਰੀਕੀ ਫੈੱਡਰਲ ਰਿਜ਼ਰਵ ਦੀ ਬੈਠਕ ਦੇ ਨਤੀਜੇ ਦਾ ਇੰਤਜ਼ਾਰ ਹੈ। ਇਸ ਦਰਮਿਆਨ ਛੇ ਮੁਦਰਾਵਾਂ ਦੀ ਤੁਲਨਾ ’ਚ ਡਾਲਰ ਦਾ ਰੁਖ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.22 ਫੀਸਦੀ ਵਧ ਕੇ 96.12 ਹੋ ਗਿਆ।


Aarti dhillon

Content Editor

Related News