ਰਿਲਾਇੰਸ ਨਹੀਂ ਰਿਹਾ ਕਿੰਗ, ਸਭ ਤੋਂ ਅਹਿਮ ਬਲਿਊ ਚਿਪ ਸਟਾਕ ਦਾ ਤਾਜ ਖੁੱਸਾ

Wednesday, Jan 13, 2021 - 02:23 PM (IST)

ਰਿਲਾਇੰਸ ਨਹੀਂ ਰਿਹਾ ਕਿੰਗ, ਸਭ ਤੋਂ ਅਹਿਮ ਬਲਿਊ ਚਿਪ ਸਟਾਕ ਦਾ ਤਾਜ ਖੁੱਸਾ

ਮੁੰਬਈ- ਰਿਲਾਇੰਸ ਇੰਡਸਟਰੀਜ਼ ਹੁਣ ਨਿਫਟੀ-50 ਵਿਚ ਸਭ ਤੋਂ ਅਹਿਮ ਬਲਿਊ ਚਿਪ ਸਟਾਕ ਨਹੀਂ ਰਿਹਾ। ਕੰਪਨੀ ਦੇ ਨਾਂ 8 ਮਹੀਨਿਆਂ ਤੋਂ ਇਹ ਖ਼ਿਤਾਬ ਸੀ। ਸੋਮਵਾਰ ਨੂੰ ਕੰਪਨੀ ਦੇ ਸਟਾਕ ਦਾ ਨਿਫਟੀ-50 ਵਿਚ ਵੇਟੇਜ ਘੱਟ ਕੇ 9.82 ਫ਼ੀਸਦੀ ਰਹਿ ਗਿਆ ਅਤੇ ਮੰਗਲਵਾਰ ਨੂੰ ਇਹ 10.08 ਫ਼ੀਸਦੀ ਰਿਹਾ। 

ਹੁਣ ਇਹ ਖ਼ਿਤਾਬ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਕੋਲ ਹੈ। ਇਕ ਸਮੇਂ ਨਿਫਟੀ ਵਿਚ ਰਿਲਾਇੰਸ ਦਾ ਵੇਟੇਜ 15 ਫ਼ੀਸਦੀ ਸੀ। ਸਭ ਤੋਂ ਵੱਧ ਵੇਟੇਜ ਵਾਲੇ ਸਟਾਕ ਦਾ ਮਤਲਬ ਹੈ ਕਿ ਇਸ ਵਿਚ ਘਾਟਾ-ਵਾਧਾ ਇੰਡੈਕਸ ਨੂੰ ਪ੍ਰਭਾਵਿਤ ਕਰਦਾ ਹੈ।

ਹਾਲਾਂਕਿ, HDFC ਬੈਂਕ ਕੋਲ ਇਹ ਖ਼ਿਤਾਬ 2020 ਦੀ ਸ਼ੁਰੂਆਤ ਵਿਚ ਸੀ ਪਰ ਕੋਵਿਡ ਮਹਾਮਾਰੀ ਕਾਰਨ ਐੱਨ. ਪੀ. ਏ. ਵਧਣ ਦੇ ਖ਼ਦਸ਼ੇ ਦੀ ਵਜ੍ਹਾ ਨਾਲ ਨਿਵੇਸ਼ਕਾਂ ਨੇ ਬੈਂਕ ਤੋਂ ਮੂੰਹ ਮੋੜ ਲਿਆ ਸੀ। ਹੁਣ ਇਕ ਵਾਰ ਫਿਰ ਐੱਚ. ਡੀ. ਐੱਫ. ਸੀ. ਬੈਂਕ ਨੂੰ ਆਪਣਾ ਖ਼ਿਤਾਬ ਵਾਪਸ ਮਿਲ ਗਿਆ ਹੈ।

ਸੋਮਵਾਰ ਨੂੰ ਨਿਫਟੀ-50 ਵਿਚ ਬੈਂਕ ਦਾ ਵੇਟੇਜ 10.11 ਫ਼ੀਸਦੀ ਨਾਲ ਰਿਲਾਇੰਸ ਤੋਂ ਅੱਗੇ ਨਿਕਲ ਗਿਆ, ਮਈ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ। ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਇੰਡੈਕਸ ਵਿਚ ਆਈ ਤੇਜ਼ੀ ਵਿਚ ਤਕਰੀਬਨ ਅੱਧਾ ਯੋਗਦਾਨ ਰਿਲਾਇੰਸ ਦਾ ਸੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਆਰ. ਆਈ. ਐੱਲ. ਦਾ ਖੁੱਸਿਆ ਖ਼ਿਤਾਬ ਅਤੇ ਐੱਚ. ਡੀ. ਐੱਫ. ਸੀ. ਬੈਂਕ ਦਾ ਵੱਧ ਰਿਹਾ ਪ੍ਰਭਾਵ ਚੱਕਰਵਾਤੀ ਸਟਾਕਾਂ ਵੱਲ ਚੱਲ ਰਹੇ ਰੁਝਾਨ ਦਾ ਪ੍ਰਤੀਕ ਹੈ ਕਿਉਂਕਿ ਨਿਵੇਸ਼ਕ ਟੀਕਾਕਰਨ ਸ਼ੁਰੂ ਹੋਣ ਨਾਲ ਆਰਥਿਕ ਵਿਕਾਸ ਨੂੰ ਲੈ ਕੇ ਆਸਵੰਦ ਹਨ। ਹਾਲਾਂਕਿ, ਦੱਸ ਦੇਈਏ ਕਿ ਐੱਚ. ਡੀ. ਐੱਫ. ਸੀ. ਬੈਂਕ ਨਿਫਟੀ ਵਿਚ ਵੇਟੇਜ ਦੇ ਮਾਮਲੇ ਵਿਚ ਬੇਸ਼ੱਕ ਅੱਗੇ ਨਿਕਲ ਗਿਆ ਹੈ, ਰਿਲਾਇੰਸ ਦੇ ਸਟਾਕ ਦਾ ਦਬਦਬਾ ਹੁਣ ਵੀ ਇੰਡੈਕਸ ਵਿਚ ਨਾਲ ਹੀ ਹੈ।


author

Sanjeev

Content Editor

Related News