ਰਿਲਾਇੰਸ ਦੀ ਸਾਲਾਨਾ ਬੈਠਕ ਕੱਲ, ਬ੍ਰਾਡਬੈਂਡ ਤੇ Jio ਫੋਨ-3 ਹੋ ਸਕਦੈ ਲਾਂਚ
Sunday, Aug 11, 2019 - 06:51 PM (IST)

ਮੁੰਬਈ— ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਸੋਮਵਾਰ ਮੁੰਬਈ 'ਚ 42ਵੀਂ ਸਾਲਾਨਾ ਜਨਰਲ ਮੀਟਿੰਗ (ਏ. ਜੀ. ਐੱਮ.) ਹੋਣ ਜਾ ਰਹੀ ਹੈ। ਇਸ 'ਚ ਜਿਓ ਗੀਗਾਫਾਈਬਰ ਬ੍ਰਾਡਬੈਂਡ ਸਰਵਿਸ ਦੀ ਵਪਾਰਕ ਲਾਂਚਿੰਗ ਤੇ ਜਿਓ ਫੋਨ-3 ਦੀ ਲਾਚਿੰਗ ਨਾਲ ਸੰਬੰਧਤ ਐਲਾਨ ਹੋ ਸਕਦੇ ਹਨ। ਪਿਛਲੇ ਸਾਲ ਦੀ ਏ. ਜੀ. ਐੱਮ. 'ਚ ਮੁਕੇਸ਼ ਅੰਬਾਨੀ ਨੇ ਜਿਓ ਗੀਗਾਫਾਈਬਰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਇਸ ਵਾਰ ਕਮਰਸ਼ਲ ਤੌਰ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ। ਇਸ 'ਚ ਬ੍ਰਾਡਬੈਂਡ, ਟੀ. ਵੀ. ਤੇ ਫਿਕਸਡ ਲੈਂਡਲਾਈਨ ਦਾ ਇੱਕਠਾ ਬੰਡਲ ਪੈਕ ਮਿਲੇਗਾ।
ਰਿਲਾਇੰਸ ਜਿਓ ਗੀਗਾਫਾਈਬਰ ਦਾ ਕਈ ਸ਼ਹਿਰਾਂ 'ਚ ਫਿਲਹਾਲ ਟਰਾਇਲ ਚੱਲ ਰਿਹਾ ਹੈ ਪਰ 1,600 ਸ਼ਹਿਰਾਂ 'ਚ ਪੂਰਨ ਵਪਾਰਕ ਲਾਂਚਿੰਗ ਹੋਣੀ ਬਾਕੀ ਹੈ। ਲੰਘੇ ਦੋ ਸਾਲਾਂ 'ਚ ਰਿਲਾਇੰਸ ਨੇ ਜਿਓ ਫੋਨ ਦੇ ਦੋ ਮਾਡਲ ਲਾਂਚ ਕੀਤੇ ਸਨ। ਇਸ ਸਾਲਾਨਾ ਮੀਟਿੰਗ 'ਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਅੰਬਾਨੀ ਪਰਿਵਾਰ ਵੱਲੋਂ ਇਕ ਨਵਾਂ ਜਿਓ ਫੋਨ-3 ਮਾਡਲ ਲਾਂਚ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਰਿਲਾਇੰਸ ਜਿਓ ਦੇ ਪਿਛਲੇ ਦੋ ਫੋਨ ਮਾਡਲ- ਜਿਓ ਫੋਨ ਤੇ ਜਿਓ ਫੋਨ-2 ਹੁਣ ਤਕ ਬਾਜ਼ਾਰ 'ਚ ਧੁੰਮਾ ਮਚਾ ਚੁੱਕੇ ਹਨ। ਹੁਣ ਤਕ ਦੋਹਾਂ ਸਮਾਰਟ ਫੀਚਰ ਫੋਨ ਦੇ 5 ਕਰੋੜ ਯੂਨਿਟ ਵਿਕ ਚੁੱਕੇ ਹਨ।
ਇਸ ਨਾਲ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ 'ਚ ਰਿਲਾਇੰਸ ਜਿਓ ਰੈਵੇਨਿਊ ਦੇ ਆਧਾਰ 'ਤੇ ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਅਤੇ ਗਾਹਕ ਆਧਾਰ 'ਤੇ ਦੂਜੀ ਸਭ ਤੋਂ ਵੱਡੀ ਟੈਲੀਕਾਮ ਬਣ ਚੁੱਕੀ ਹੈ। ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਜਨਰਲ ਮੀਟਿੰਗ ਸੋਮਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਉੱਥੇ ਹੀ, ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਿਲਾਇੰਸ ਜਿਓ ਗੀਗਾਫਾਈਬਰ ਪ੍ਰੀਪੇਡ ਤੇ ਪੋਸਟਪੇਡ ਦੋਹਾਂ 'ਚ ਉਪਲੱਬਧ ਹੋ ਸਕਦਾ ਹੈ। ਰਿਲਾਇੰਸ ਜਿਓ ਨੇ ਹਾਲ ਹੀ 'ਚ ਆਪਣੇ 'ਮਾਈ ਜਿਓ ਐਪ' ਦੇ ਯੂਜ਼ਰਸ ਕੋਲੋਂ ਬ੍ਰਾਡਬੈਂਡ ਸੇਵਾ ਦਾ ਨਾਮ ਕੀ ਹੋਣਾ ਚਾਹੀਦਾ ਹੈ ਬਾਰੇ ਵਿਚਾਰ ਮੰਗੇ ਸਨ। ਯੂਜ਼ਰਸ ਨੂੰ ਨਾਮ ਚੁਣਨ ਲਈ ਤਿੰਨ ਵਿਕਲਪ- ਜਿਓ ਫਾਈਬਰ, ਜਿਓ ਹੋਮ ਤੇ ਜਿਓ ਗੀਗਾਫਾਈਬਰ ਦਿੱਤੇ ਗਏ ਸਨ।