ਚਾਵਲਾਂ ਦਾ ਸਟਾਕ ਪੰਜ ਸਾਲ ਦੇ ਸਭ ਤੋਂ ਉੱਚੇ ਪੱਧਰ ''ਤੇ

Wednesday, May 09, 2018 - 11:58 AM (IST)

ਮੁੰਬਈ — ਭਾਰਤੀ ਖੁਰਾਕ ਨਿਗਮ(ਐੱਫ.ਸੀ.ਆਈ.) ਦੇ ਕੇਂਦਰੀ ਪੂਲ ਵਿਚ ਚਾਵਲਾਂ ਦਾ ਸਟਾਕ ਸੂਬਿਆਂ ਵਲੋਂ ਹੌਲੀ-ਹੌਲੀ ਚੁੱਕਣ ਕਾਰਨ ਪੰਜ ਸਾਲ ਵਿਚ ਵਧ ਕੇ ਅਪ੍ਰੈਲ ਵਿਚ 2.5 ਕਰੋੜ ਟਨ 'ਤੇ ਪਹੁੰਚ ਗਿਆ ਹੈ। ਚਾਵਲ ਦਾ ਇੰਨਾ ਜ਼ਿਆਦਾ ਸਟਾਕ ਸਾਲ 2013 ਤੋਂ ਬਾਅਦ ਨਹੀਂ ਦੇਖਿਆ ਗਿਆ ਸੀ। ਐੱਫ.ਸੀ.ਆਈ. ਨੇ ਆਪਣੀਆਂ ਹੋਰ ਨਾਮਜ਼ਦ ਏਜੰਸੀਆਂ ਨਾਲ ਮਿਲ ਕੇ 7 ਮਈ ਤੱਕ ਵਰਤਮਾਨ ਖਰੀਫ ਮਾਰਕੀਟਿੰਗ ਸੈਸ਼ਨ ਲਈ 3.296 ਕਰੋੜ ਟਨ ਚਾਵਲ ਦੀ ਖਰੀਦ ਕੀਤੀ ਜਿਸ ਵਿਚ ਲਗਭਗ ਇਕ-ਤਿਹਾਈ ਹਿੱਸਾ ਇਕੱਲੇ ਪੰਜਾਬ(1.193 ਕੋਰੜ ਟਨ) ਦਾ ਰਿਹਾ। ਏਜੰਸੀ ਨੇ ਕੁਝ ਸਟਾਕ ਜਨਤਕ ਵੰਡ ਪ੍ਰਣਾਲੀ ਦੇ ਜ਼ਰੀਏ ਘਟਾਇਆ, ਪਰ ਫਿਰ ਵੀ ਇਸ ਨੂੰ ਕੇਂਦਰੀ ਪੂਲ ਦੇ ਆਰਾਮਦੇਹ ਪੱਧਰ 'ਤੇ ਨਹੀਂ ਲਿਆਉਂਦਾ ਜਾ ਸਕਿਆ। 
ਕਣਕ ਦਾ ਖਰੀਦ ਸੈਸ਼ਨ ਜਲਦੀ ਹੀ ਖਤਮ ਹੋਣ ਵਾਲਾ ਹੈ ਅਤੇ 7 ਮਈ ਤੱਕ ਹਾੜ੍ਹੀ ਦੇ ਸੀਜ਼ਨ ਲਈ 2.967 ਕਰੋੜ ਟਨ ਦੀ ਕੁੱਲ ਖਰੀਦ ਹੋਈ ਹੈ। ਇਸ ਨਾਲ ਐੱਫ.ਸੀ.ਆਈ. ਨੂੰ ਆਪਣੇ ਕੇਂਦਰੀ ਪੁਲ ਵਿਚ ਇੰਨੀ ਜ਼ਿਆਦਾ ਇਨਵੈਨਟਰੀ ਨਾਲ ਨਿਪਟਣ ਲਈ ਸਟੋਰ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐੱਫ.ਸੀ.ਆਈ. ਨੇ ਆਪਣੀ ਸਾਲਾਨਾ ਜ਼ਰੂਰਤ ਪੂਰੀ ਕਰਨ ਲਈ 20-30 ਲੱਖ ਟਨ ਹੋਰ ਕਣਕ ਖਰੀਦਣ ਦੀ ਯੋਜਨਾ ਬਣਾਈ ਹੈ। ਐੱਫ.ਸੀ.ਆਈ. ਦੇ ਕਾਰਜਕਾਰੀ ਡਾਇਰੈਕਟਰ ਆਰ.ਪੀ. ਸਿੰਘ ਨੇ ਕਿਹਾ,' ਹਾਲਾਂਕਿ ਚਾਵਲ ਦਾ ਸਟਾਕ ਮੌਜੂਦਾ ਸਮੇਂ ਮੁਕਾਬਲਤਨ ਵਧ ਹੈ, ਪਰ ਚਿੰਤਾਜਨਕ ਪੱਧਰ 'ਤੇ ਨਹੀਂ ਹੈ। ਸਾਨੂੰ ਪੀ.ਡੀ.ਐੱਸ. ਦੇ ਜ਼ਰੀਏ ਇਕ ਸਾਲ ਦੀ ਵੰਡ ਦੀਆਂ ਜ਼ਰੂਰਤਾਂ ਲਈ ਆਪਣੇ ਕੇਂਦਰੀ ਪੂਲ ਵਿਚ 3.2 ਕਰੋੜ ਟਨ ਚਾਵਲ ਅਤੇ 3.6 ਕਰੋੜ ਟਨ ਕਣਕ ਦੀ ਜ਼ਰੂਰਤ ਹੈ। ਅਸੀਂ ਇੰਨੇ ਵੱਡੇ ਸਟਾਕ ਨਾਲ ਨਜਿੱਠਣ ਲਈ ਜੂਨ ਵਿਚ ਓਪਨ ਮਾਰਕਿਟ ਸੇਲ(ਓ.ਐੱਮ.ਐੱਸ.) ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ।'
ਜਨਵਰੀ 2018 ਤੋਂ ਐੱਫ.ਸੀ.ਆਈ. ਨੇ ਆਪਣੇ ਕੇਂਦਰੀ ਪੂਲ ਵਿਚ ਘੱਟ ਤੋਂ ਘੱਟ 80 ਲੱਖ ਟਨ ਚਾਵਲ ਦਾ ਸਟਾਕ ਰੱਖਿਆ ਹੈ। ਬਾਜ਼ਾਰ ਸੂਤਰਾਂ ਦਾ ਕਹਿਣਾ ਹੈ ਕਿ ਚਾਵਲ ਸਟਾਕ ਵਿਚ ਵਾਧੇ ਦਾ ਮੁੱਖ ਕਾਰਨ ਸੂਬਿਆਂ ਵਲੋਂ ਸਟਾਕ ਹੌਲੀ ਹੌਲੀ ਚੁੱਕਣਾ ਹੈ। ਆਮ ਤੌਰ 'ਤੇ ਚਾਵਲਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਸੂਬੇ ਜੰਗੀ ਪੱਧਰ 'ਤੇ ਖਰੀਦਦਾਰੀ ਕਰਦੇ ਹਨ। ਪਰ ਇਸ ਸਾਲ ਕਣਕ, ਮੱਕੀ, ਜਵਾਰ ਅਤੇ ਬਾਜਰੇ ਸਮੇਤ ਹੋਰ ਮੋਟੇ ਅਨਾਜਾਂ ਦੀ ਬੰਪਰ ਪੈਦਾਵਾਰ ਕਾਰਨ ਚਾਵਲ ਚੁੱਕਣ ਵਿਚ ਸੂਬੇ ਸੁਸਤੀ ਵਰਤ ਰਹੇ ਹਨ। 
ਅਨੁਭਵੀ ਖੇਤੀ ਮਾਹਰ ਵਿਜੈ ਸਰਦਾਨਾ ਨੇ ਕਿਹਾ,'ਐੱਫ.ਸੀ.ਆਈ. ਤੋਂ ਸੂਬਿਆਂ ਦੀ ਖਰੀਦਦਾਰੀ ਇਸ ਸਾਲ ਘੱਟ ਰਹੀ ਹੈ। ਕੁਝ ਜਮ੍ਹਾ ਅਨਾਜ ਖਰਾਬ ਹੋਇਆ ਹੋ ਸਕਦਾ ਹੈ।' ਦੂਸਰੇ ਅਗਾਊਂ ਅੰਦਾਜ਼ਿਆਂ ਅਨੁਸਾਰ 2017-18 ਵਿਚ ਭਾਰਤ ਦਾ ਚਾਵਲ ਉਤਪਾਦਨ 2017-18 ਵਿਚ ਦਰਜ 10.97 ਟਨ ਤੋਂ ਕੁਝ ਵਧ ਹੋ ਸਕਦਾ ਹੈ।
ਸਿੰਘ ਨੇ ਕਿਹਾ ਕਿ ਅਸੀਂ ਪਹਿਲਾ ਵੀ ਜ਼ਿਆਦਾ ਸਟਾਕ ਦੀ ਸਮੱਸਿਆ ਦਾ ਸਾਹਮਣਾ ਕਰ ਚੁੱਕੇ ਹਾਂ ਇਸ ਲਈ ਸਾਨੂੰ ਇਸ ਸਾਲ ਵੀ ਚਾਵਲਾਂ ਦੇ ਪ੍ਰਬੰਧ ਵਿਚ ਕੋਈ ਸਮੱਸਿਆ ਨਹੀਂ ਆਵੇਗੀ। ਪਿਛਲੇ ਸਾਲ ਐੱਫ.ਸੀ.ਆਈ. ਨੂੰ ਅਨਾਜ ਭੰਡਾਰਨ ਦੇ ਕਮਜ਼ੋਰ ਪ੍ਰਬੰਧਾਂ ਨਾਲ ਨਜਿੱਠਣਾ ਪਿਆ ਸੀ ਜਿਸ ਦੇ ਨਤੀਜੇ ਵਜੋਂ ਕੇਂਦਰੀ ਪੂਲ ਵਿਚ ਕੁਝ ਅਨਾਜ ਖਰਾਬ ਹੋ ਗਿਆ ਸੀ। ਹਾਲਾਂਕਿ ਅਪ੍ਰੈਲ 2017 ਲਈ ਐੱਫ.ਸੀ.ਆਈ. ਦੇ ਕੇਂਦਰੀ ਪੂਲ ਵਿਚ ਚਾਵਲ ਸਟਾਕ 2.308 ਕਰੋੜ ਟਨ 'ਤੇ ਦਰਜ ਕੀਤਾ ਗਿਆ। 


Related News