ਘਰ ਲੜਕੀ ਦਾ ਵਿਆਹ, ਪਿਓ ਪੰਜ ਦਿਨਾਂ ਤੋਂ ਲਾਪਤਾ
Thursday, Sep 11, 2025 - 11:36 AM (IST)

ਡੇਰਾਬੱਸੀ (ਵਿਕਰਮਜੀਤ) : ਇੱਥੋਂ ਦੀ ਸ਼ਕਤੀ ਨਗਰ ਵਿਖੇ 48 ਸਾਲਾ ਰਜਿੰਦਰ ਕੁਮਾਰ ਉਰਫ਼ ਚੁੱਚਾ ਪਿਛਲੇ 5 ਦਿਨਾਂ ਤੋ ਲਾਪਤਾ ਹੈ। ਲਾਪਤਾ ਵਿਅਕਤੀ ਦੀ ਧੀ ਦਾ ਵਿਆਹ 5 ਅਕਤੂਬਰ ਨੂੰ ਰੱਖਿਆ ਹੋਇਆ ਹੈ, ਜਿਸ ਦੇ ਘਰ ਵਿਆਹ ਦੀ ਤਿਆਰੀਆਂ ਚੱਲ ਰਹੀਆਂ ਹਨ। ਦੂਜੇ ਪਾਸੇ ਵਿਅਕਤੀ ਦੇ ਲਾਪਤਾ ਹੋਣ ਕਰ ਕੇ ਸਾਰਾ ਪਰਿਵਾਰ ਉਨ੍ਹਾ ਦੀ ਭਾਲ ’ਚ ਲੱਗਾ ਹੋਇਆ ਹੈ। ਲਾਪਤਾ ਵਿਕਅਤੀ ਦੇ ਭਰਾ ਨਰਿੰਦਰ ਕੁਮਾਰ ਮੁਤਾਬਕ ਉਸਦਾ ਵੱਡਾ ਭਰਾ ਲਾਲੜੂ ਸਥਿਤ ਹੰਸਾ ਟਿਊਬ ਫੈਕਟਰੀ ’ਚ ਸੁਪਰਵਾਈਜ਼ਰ ਲੱਗਾ ਹੋਇਆ ਹੈ।
ਸ਼ਨੀਵਾਰ ਨੂੰ ਭਰਾ ਸਵੇਰੇ ਘਰ ਤੋਂ ਗਿਆ ਸੀ, ਜੋ ਵਾਪਸ ਨਹੀਂ ਆਇਆ। ਸ਼ਨੀਵਾਰ ਰਾਤ ਨੂੰ ਭਰਾ ਸਮਗੌਲੀ ਦੇ ਸ਼ਰਾਬ ਦੇ ਠੇਕੇ ’ਤੇ ਆਖ਼ਰੀ ਵਾਰ ਵੇਖਿਆ ਗਿਆ ਸੀ, ਜੋ ਉੱਥੋਂ ਕਿਸੇ ਨਾਲ ਮੋਟਰਸਾਈਕਲ ’ਤੇ ਬੈਠ ਕੇ ਗਿਆ ਸੀ। ਲਾਪਤਾ ਵਿਅਕਤੀ ਆਪਣਾ ਮੋਬਾਇਲ ਵੀ ਘਰ ਛੱਡ ਕੇ ਗਿਆ ਹੋਇਆ ਹੈ। ਪਰਿਵਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਦੇਣ ’ਤੇ ਪੁਲਸ ਨੇ ਠੇਕੇ ’ਤੇ ਲੱਗੇ ਕੈਮਰੇ ਫੁਟੇਜ ਚੈੱਕ ਕਰਨ ਦੀ ਕੋਸ਼ਿਸ਼ ਤਾਂ ਪਤਾ ਲੱਗਾ ਕਿ ਠੇਕੇ ’ਤੇ ਕੈਮਰੇ ਤਾਂ ਲੱਗੇ ਹੋਏ ਹਨ ਪਰ ਡੀ.ਵੀ.ਆਰ. ਨਾ ਲਾਈ ਹੋਣ ਕਰਕੇ ਫੁਟੇਜ ਨਹੀਂ ਮਿਲ ਸਕੀ। ਲਾਪਤਾ ਵਿਕਅਤੀ ਦੇ ਭਰਾ ਮੁਤਾਬਕ ਸਾਰਾ ਪਰਿਵਾਰ ਚਿੰਤਾ ’ਚ ਹੈ ਤੇ ਹਰ ਪਾਸੇ ਭਾਲ ’ਚ ਜੁੱਟਿਆ ਹੋਇਆ ਹੈ। ਥਾਣਾ ਮੁਖੀ ਸੁਮੀਤ ਮੋਰ ਨੇ ਕਿਹਾ ਕਿ ਲਾਪਤਾ ਵਿਅਕਤੀ ਦੀ ਫੋਟੋ ਹਰ ਪਾਸੇ ਚਲਾ ਕੇ ਭਾਲ ਕੀਤੀ ਜਾ ਰਹੀ ਹੈ।