ਤਿਉਹਾਰਾਂ 'ਚ ਮੋਬਾਇਲ ਪ੍ਰਚੂਨ ਸਟੋਰਾਂ 'ਤੇ ਵੀ ਗਾਹਕਾਂ ਦੀ ਹੋ ਸਕਦੀ ਹੈ ਚਾਂਦੀ
Wednesday, Sep 09, 2020 - 08:52 PM (IST)
ਨਵੀਂ ਦਿੱਲੀ— ਤਿਉਹਾਰਾਂ 'ਚ ਮੋਬਾਇਲ ਫੋਨ ਖਰੀਦਣ ਦੀ ਸੋਚ ਰਹੇ ਲੋਕਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਹੋ ਸਕਦਾ ਹੈ ਕਿ ਇਸ ਵਾਰ ਤਿਉਹਾਰਾਂ 'ਚ ਤੁਹਾਨੂੰ ਮੋਬਾਇਲ ਸਟੋਰ 'ਤੇ ਹੀ ਬਿਹਤਰ ਡੀਲ ਮਿਲੇ। ਦਰਅਸਲ, ਮੋਬਾਇਲ ਫੂਨ ਪ੍ਰਚੂਨ ਵਿਕਰੇਤਾਵਾਂ ਨੇ ਹੈਂਡਸੈੱਟ ਨਿਰਮਾਤਾਵਾਂ ਕੋਲ ਮੰਗ ਕੀਤੀ ਹੈ ਕਿ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੇ ਈ-ਕਾਮਰਸ ਪਲੇਟਫਾਰਮਾਂ ਦੀ ਤਰ੍ਹਾਂ ਆਉਣ ਵਾਲੇ ਤਿਉਹਾਰਾਂ 'ਚ ਉਨ੍ਹਾਂ ਨੂੰ ਵੀ ਓਹੀ ਆਫਰ ਦਿੱਤੇ ਜਾਣ।
ਸਰਬ ਭਾਰਤੀ ਮੋਬਾਇਲ ਪ੍ਰਚੂਨ ਵਿਕਰੇਤਾਵਾਂ ਦੇ ਸੰਗਠਨ (ਏਮਰਾ) ਨੇ ਕਿਹਾ ਕਿ ਤਿਉਹਾਰੀ ਮੌਸਮ ਦੌਰਾਨ ਆਨਲਾਈਨ ਵਿਕਰੇਤਾਵਾਂ ਨੂੰ ਮੋਬਾਇਲ ਸਟੋਰਾਂ ਨਾਲੋਂ ਜ਼ਿਆਦਾ ਬਿਹਤਰ ਡੀਲ ਦਿੱਤੀ ਜਾਂਦੀ ਹੈ। ਸੰਗਠਨ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਜੇਕਰ ਇਹ ਵਰਤਾਰਾ ਇਸ ਮਹਾਮਾਰੀ 'ਚ ਵੀ ਜਾਰੀ ਰਿਹਾ ਤਾਂ ਲਗਭਗ 1.50 ਲੱਖ ਛੋਟੇ ਕਾਰੋਬਾਰਾਂ ਨੂੰ ਆਪਣੇ-ਆਪ ਨੂੰ ਬਚਾਈ ਰੱਖਣਾ ਮੁਸ਼ਕਲ ਹੋਵੇਗਾ। ਸੰਗਠਨ ਨੇ ਕਿਹਾ ਕਿ ਮੋਬਾਈਲ ਕੰਪਨੀਆਂ ਦੇ ਸਮਰਥਨ ਨਾਲ ਫਲਿੱਪਕਾਰਟ ਬਿਗ ਬਿਲੀਅਨ ਡੇਅ ਅਤੇ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ 'ਚ ਪੇਸ਼ ਕੀਤੇ ਜਾਂਦੇ ਭਾਰੀ ਡਿਸਕਾਊਂਟ ਮੁੱਖ ਕਾਰੋਬਾਰਾਂ ਨੂੰ ਖ਼ਤਮ ਕਰ ਦਿੰਦੇ ਹਨ।
ਏਮਰਾ (AIMRA) ਦੇ ਮੁਖੀ ਅਰਵਿੰਦਰ ਖੁਰਾਨਾ ਨੇ ਕਿਹਾ, ''ਪ੍ਰਚੂਨ ਵਿਕਰੇਤਾਵਾਂ ਨੂੰ ਇਸ ਤਰ੍ਹਾਂ ਦੀ ਡੀਲ ਨਹੀਂ ਮਿਲਦੀ। ਇਹ ਭੇਦਭਾਵਪੂਰਣ ਦ੍ਰਿਸ਼ਟੀਕੋਣ ਪ੍ਰਚੂਨ ਵਿਕਰੇਤਾਵਾਂ ਦੀ ਦੀਵਾਲੀ ਨੂੰ ਬਰਬਾਦ ਕਰ ਦਿੰਦਾ ਹੈ।'' ਉਨ੍ਹਾਂ ਕਿਹਾ ਕਿ ਸੰਗਠਨ ਨੇ ਇਸ ਸਬੰਧ 'ਚ ਮੋਬਾਇਲ ਨਿਰਮਾਤਾਵਾਂ ਨੂੰ ਚਿੱਠੀ ਲਿਖੀ ਹੈ ਅਤੇ ਜੇਕਰ ਉਨ੍ਹਾਂ ਦੀ ਪ੍ਰਾਰਥਨਾ ਨਹੀਂ ਸੁਣੀ ਜਾਂਦੀ ਤਾਂ ਆਪਣੇ ਕਾਰੋਬਾਰ ਨੂੰ ਬਚਾਈ ਰੱਖਣ ਲਈ ਮੋਬਾਇਲ ਫੋਨ ਪ੍ਰਚੂਨ ਵਿਕਰੇਤਾ ਈ-ਕਾਮਰਸ ਪਲੇਟਫਾਰਮਾਂ ਦੀ ਕੀਮਤ 'ਤੇ ਮਾਡਲ ਵੇਚਣ ਲਈ ਮਜਬੂਰ ਹੋਣਗੇ।