ਵਾਹਨਾਂ ਦੀ ਪ੍ਰਚੂਨ ਵਿਕਰੀ ਜੁਲਾਈ ’ਚ 8 ਫੀਸਦੀ ਘਟੀ : ਫਾਡਾ

08/05/2022 4:29:44 PM

ਨਵੀਂ ਦਿੱਲੀ (ਭਾਸ਼ਾ) – ਯਾਤਰੀ ਵਾਹਨਾਂ, ਦੋਪਹੀਆ ਵਾਹਨਾਂ ਅਤੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ’ਚ ਕਮੀ ਆਉਣ ਨਾਲ ਜੁਲਾਈ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ ਅੱਠ ਫੀਸਦੀ ਘਟ ਗਈ। ਆਟੋ ਡੀਲਰਾਂ ਦੀ ਸੰਸਥਾ ਫਾਡਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਵਾਹਨਾਂ ਦੀ ਪ੍ਰਚੂਨ ਵਿਕਰੀ 14,36,927 ਇਕਾਈ ਰਹੀ ਜੋ ਜੁਲਾਈ 2021 ’ਚ 15,59,106 ਇਕਾਈ ਸੀ। ਯਾਤਰੀ ਵਾਹਨਾਂ (ਪੀ. ਵੀ.) ਦੀ ਪ੍ਰਚੂਨ ਵਿਕਰੀ ਜੁਲਾਈ 2022 ’ਚ ਸਾਲਾਨਾ ਆਧਾਰ ’ਤੇ 5 ਫੀਸਦੀ ਡਿਗ ਕੇ 2,50,972 ਇਕਾਈ ਰਹੀ ਜਦ ਕਿ ਜੁਲਾਈ 2021 ’ਚ ਇਹ ਅੰਕੜਾ 2,63,238 ਇਕਾਈ ਸੀ।

ਫਾਡਾ ਦੇ ਮੁਖੀ ਵਿੰਕੇਸ਼ ਗੁਲਾਟੀ ਨੇ ਇਕ ਬਿਆਨ ’ਚ ਕਿਹਾ ਕਿ ਜੁਲਾਈ ’ਚ ਵਿਕਰੀ ਅੰਕੜੇ ਭਾਵੇਂ ਘਟੇ ਹੋਣ ਪਰ ਵਾਹਨਾਂ ਦੇ ਨਵੇਂ-ਨਵੇਂ ਮਾਡਲ ਬਾਜ਼ਾਰ ’ਚ ਉਤਾਰੇ ਜਾ ਰਹੇ ਹਨ। ਵਿਸ਼ੇਸ਼ ਕਰ ਕੇ ਕੰਪੈਕਟ ਐੱਸ. ਯੂ. ਵੀ. ਸ਼੍ਰੇਣੀ ’ਚ, ਜਿਸ ਨਾਲ ਵਾਧੇ ’ਚ ਮਦਦ ਮਿਲ ਰਹੀ ਹੈ। ਫਾਡਾ ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 11 ਫੀਸਦੀ ਘਟ ਕੇ 10,09,574 ਇਕਾਈ ਹੋ ਗਈ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 11,33,344 ਇਕਾਈ ਸੀ। ਜੁਲਾਈ 2022 ’ਚ 59,573 ਟਰੈਕਟਰ ਵਿਕੇ ਜੋ ਜੁਲਾਈ 2021 ਦੀਆਂ 82,419 ਇਕਾਈ ਤੋਂ 28 ਫੀਸਦੀ ਘੱਟ ਹੈ।

ਹਾਲਾਂਕਿ ਤਿੰਨ ਪਹੀਆ ਅਤੇ ਕਮਰਸ਼ੀਅਲ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਮਹੀਨੇ ਸਾਲਾਨਾ ਆਧਾਰ ’ਤੇ ਵਧੀ ਹੈ। ਪਿਛਲੇ ਮਹੀਨੇ 50,349 ਤਿੰਨ ਪਹੀਆ ਵਾਹਨ ਵਿਕੇ ਜੋ ਪਿਛਲੇ ਸਾਲ ਦੀ ਤੁਲਨਾ ’ਚ 80 ਫੀਸਦੀ ਵੱਧ ਹੈ। ਇਸ ਤਰ੍ਹਾਂ ਕਮਰਸ਼ੀਅਲ ਵਾਹਨਾਂ ਦੀ ਵਿਕਰੀ 27 ਫੀਸਦੀ ਦੇ ਵਾਧੇ ਨਾਲ 66,459 ਇਕਾਈ ਰਹੀ।


Harinder Kaur

Content Editor

Related News