11 ਫੀਸਦੀ ਵਧੀ ਟਰੈਕਟਰਾਂ ਦੀ ਪ੍ਰਚੂਨ ਵਿਕਰੀ

Wednesday, Jul 22, 2020 - 12:56 AM (IST)

11 ਫੀਸਦੀ ਵਧੀ ਟਰੈਕਟਰਾਂ ਦੀ ਪ੍ਰਚੂਨ ਵਿਕਰੀ

ਨਵੀਂ ਦਿੱਲੀ–ਕੋਵਿਡ-19 ਸੰਕਟ ਦਰਮਿਆਨ ਚੰਗੇ ਮਾਨਸੂਨ ਅਤੇ ਖੇਤੀਬਾੜੀ ਕੰਮਾਂ 'ਚ ਤੇਜ਼ੀ ਨਾਲ ਜੂਨ ਮਹੀਨੇ 'ਚ ਦੇਸ਼ 'ਚ ਟਰੈਕਟਰਾਂ ਦੀ ਪ੍ਰਚੂਨ (ਰਿਟੇਲ) ਵਿਕਰੀ 11 ਫੀਸਦੀ ਵਧ ਗਈ, ਹਾਲਾਂਕਿ ਹੋਰ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ 'ਚ ਭਾਰੀ ਗਿਰਾਵਟ ਰਹੀ। ਆਟੋ ਮੋਬਾਈਲ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਜੂਨ 'ਚ ਯਾਤਰੀ ਵਾਹਨਾਂ ਦੀ ਵਿਕਰੀ ਜੂਨ 2019 ਦੀ ਤੁਲਨਾ 'ਚ 38.34 ਫੀਸਦੀ ਘਟ ਕੇ 1,26,417 ਇਕਾਈ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ 40.92 ਫੀਸਦੀ ਘਟ ਕੇ 7,90,118 ਇਕਾਈ ਰਹਿ ਗਈ। ਪਿਛਲੇ ਸਾਲ ਜੂਨ 'ਚ ਦੇਸ਼ 'ਚ 2,05,011 ਯਾਤਰੀ ਵਾਹਨ ਅਤੇ 13,374,62 ਦੋਪਹੀਆ ਵਾਹਨ ਵਿਕੇ ਸਨ।

ਫਾਡਾ ਨੇ ਦੱਸਿਆ ਕਿ ਹੋਰ ਵਾਹਨਾਂ ਦੇ ਮੁਕਾਬਲੇ ਟਰੈਕਟਰਾਂ ਦੀ ਵਿਕਰੀ 'ਚ ਤੇਜ਼ੀ ਆਈ ਹੈ। ਇਕ ਸਾਲ ਪਹਿਲਾਂ ਦੇ ਮੁਕਾਬਲੇ ਇਸ ਸਾਲ ਜੂਨ 'ਚ 45,358 ਟਰੈਕਟਰ ਵਿਕੇ ਜੋ ਪਿਛਲੇ ਸਾਲ ਦੇ 40,913 ਦੀ ਤੁਲਨਾ 'ਚ 10.86 ਫੀਸਦੀ ਵੱਧ ਹੈ। ਇਸ ਦੌਰਾਨ ਕਮਰਸ਼ੀਅਲ ਵਾਹਨਾਂ ਦੀ ਵਿਕਰੀ 83.83 ਫੀਸਦੀ ਘੱਟ ਰਹੀ ਜੋ ਇਹ ਦਿਖਾਉਂਦਾ ਹੈ ਕਿ ਅਰਥਵਿਵਸਥਾ 'ਚ ਸੁਧਾਰ 'ਚ ਹਾਲੇ ਲੰਮਾ ਸਮਾਂ ਲੱਗ ਸਕਦਾ ਹੈ। ਪਿਛਲੇ ਸਾਲ ਜੂਨ 'ਚ ਜਿਥੇ 64,976 ਕਮਰਸ਼ੀਅਲ ਵਾਹਨ ਵਿਕੇ ਸਨ ਉਥੇ ਹੀ ਬੀਤੇ ਜੂਨ 'ਚ ਇਹ ਅੰਕ਼ੜਾ ਘਟ ਕੇ ਸਿਰਫ 10,509 'ਤੇ ਆ ਗਿਆ। ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵੀ 75.43 ਫੀਸਦੀ ਘਟ ਹੋ ਕੇ 11,993 ਇਕਾਈ ਰਹੀ।

ਸਰਕਾਰ ਲਿਆਵੇ ਆਕਰਸ਼ਕ ਸਕ੍ਰੈਪੇਜ ਨੀਤੀ
ਫਾਡਾ ਨੇ ਸਰਕਾਰ ਤੋਂ ਆਕਰਸ਼ਕ ਸਕ੍ਰੈਪੇਜ ਨੀਤੀ ਲਿਆਉਣ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਪੁਰਾਣੇ ਵਾਹਨਾਂ ਦੀ ਥਾਂ ਨਵੇਂ ਵਾਹਨ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਵਿਸ਼ੇਸ਼ ਕਰ ਕੇ ਕਮਰਸ਼ੀਅਲ ਵਾਹਨ ਦੇ ਖੇਤਰ 'ਚ। ਉਸ ਨੇ ਕਿਹਾ ਕਿ ਜੇ ਲਾਕਡਾਊਨ ਮੁੜ ਨਹੀਂ ਲਗਾਇਆ ਜਾਂਦਾ ਅਤੇ ਅਨਲਾਕ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ ਤਾਂ ਜੁਲਾਈ 'ਚ ਜੂਨ ਦੀ ਤੁਲਨਾ 'ਚ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ ਹੈ।


author

Karan Kumar

Content Editor

Related News