ਪਿਛਲੇ ਮਹੀਨੇ ਪ੍ਰਚੂਨ ਮਹਿੰਗਾਈ 6.69 ਫੀਸਦੀ ਰਹੀ, ਜਾਣੋ ਕੀ ਪੈਂਦੈ ਅਸਰ

09/14/2020 7:27:08 PM

ਨਵੀਂ ਦਿੱਲੀ— ਸੋਮਵਾਰ ਨੂੰ ਖ਼ਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ। ਇਸ ਮੁਤਾਬਕ, ਅਗਸਤ 'ਚ ਪ੍ਰਚੂਨ ਮਹਿੰਗਾਈ ਦਰ 6.69 ਫੀਸਦੀ ਰਹੀ, ਜੋ ਜੁਲਾਈ 'ਚ 6.73 ਫੀਸਦੀ ਰਹੀ ਸੀ, ਯਾਨੀ ਇਸ 'ਚ ਮਾਮੂਲੀ ਗਿਰਾਵਟ ਆਈ ਹੈ।

ਇਸ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ 'ਚ ਤੇਜ਼ੀ ਰਹੀ। ਦਾਲਾਂ ਅਤੇ ਸਬਜ਼ੀਆਂ ਦੇ ਨਾਲ-ਨਾਲ ਮਸਾਲਿਆਂ, ਮਾਸ-ਮੱਛੀ, ਅੰਡਿਆਂ ਅਤੇ ਤੇਲ ਤੇ ਚਰਬੀਦਾਰ ਪਦਾਰਥਾਂ ਦੀ ਮਹਿੰਗਾਈ ਦਰ ਦਹਾਈ ਅੰਕ 'ਚ ਰਹਿਣ ਨਾਲ ਖੁਰਾਕੀ ਪਦਾਰਥਾਂ ਦੀ ਪ੍ਰਚੂਨ ਮਹਿੰਗਾਈ ਦਰ 9.05 ਫੀਸਦੀ ਦਰਜ ਕੀਤੀ ਗਈ।

ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ ਟੀਚੇ 6 ਫੀਸਦੀ ਤੋਂ ਉੱਪਰ ਰਹੀ ਹੈ। ਵਿਆਜ ਦਰਾਂ 'ਚ ਕਟੌਤੀ ਜਾਂ ਵਾਧਾ ਕਰਨ ਦੀ ਸਮੀਖਿਆ ਸਮੇਂ ਆਰ. ਬੀ. ਆਈ. ਮਹਿੰਗਾਈ ਦਰ 'ਤੇ ਗੌਰ ਕਰਦਾ ਹੈ। ਪਿਛਲੀ ਵਾਰ ਵੀ ਮਹਿੰਗਾਈ ਵਧਣ ਦੇ ਜੋਖਮ ਕਾਰਨ ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਸਾਲ ਜੂਨ 'ਚ ਮਹਿੰਗਾਈ ਦਰ 6.23 ਫੀਸਦੀ ਤੇ ਜੁਲਾਈ 'ਚ 6.73 ਫੀਸਦੀ ਦਰਜ ਕੀਤੀ ਗਈ ਸੀ, ਜੋ ਅਗਸਤ 'ਚ 6.69 ਫੀਸਦੀ ਰਹੀ। ਉੱਥੇ ਹੀ, ਅਪ੍ਰੈਲ ਅਤੇ ਮਈ ਦੇ ਅੰਕੜੇ ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਉਪਲਬਧ ਨਹੀਂ ਕਰਾਏ ਗਏ ਹਨ।


Sanjeev

Content Editor

Related News