ਸਾਡੇ ਰੈਸਟੋਰੈਂਟਸ ਦਾ ਖਾਣਾ ਹੋ ਸਕਦੈ ਨੁਕਸਾਨਦਾਇਕ : ਮੈਕਡੋਨਾਲਡਸ
Friday, Dec 29, 2017 - 11:12 PM (IST)
ਨਵੀਂ ਦਿੱਲੀ (ਇੰਟ.)-ਮੈਕਡੋਨਾਲਡਸ ਨੇ ਆਪਣੇ ਗਾਹਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਅਤੇ ਪੂਰਬੀ ਭਾਰਤ 'ਚ ਕਨਾਟ ਪਲਾਜ਼ਾ ਰੈਸਟੋਰੈਂਟਸ ਲਿਮਟਿਡ (ਸੀ. ਪੀ. ਆਰ. ਐੱਲ.) ਵੱਲੋਂ ਸੰਚਾਲਿਤ ਆਊਟਲੈੱਟਸ ਦਾ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ। ਮੈਕਡੋਨਾਲਡਸ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਰੈਸਟੋਰੈਂਟਸ 'ਚ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ ਇਸ ਦੇ ਕੌਮਾਂਤਰੀ ਮਿਆਰਾਂ ਦੇ ਮੁਤਾਬਕ ਨਹੀਂ ਹੈ ਅਤੇ ਇਨ੍ਹਾਂ ਨੂੰ ਬੰਦ ਕਰਨ ਦੀ ਜ਼ਰੂਰਤ ਹੈ। ਮੈਕਡੋਨਾਲਡਸ ਦਾ ਸਾਬਕਾ ਭਾਈਵਾਲ ਸੀ. ਪੀ. ਆਰ. ਐੱਲ. ਉੱਤਰੀ ਅਤੇ ਪੂਰਬੀ ਭਾਰਤ 'ਚ 160 ਰੈਸਟੋਰੈਂਟਸ ਦਾ ਸੰਚਾਲਨ ਕਰਦਾ ਹੈ, ਇਨ੍ਹਾਂ 'ਚੋਂ 84 ਨੂੰ ਇਸ ਹਫ਼ਤੇ ਬੰਦ ਕਰ ਦਿੱਤਾ ਗਿਆ ਸੀ। ਮੈਕਡੋਨਾਲਡਸ ਦੇ ਭਾਰਤੀ ਬੁਲਾਰੇ ਨੇ ਕਿਹਾ ਕਿ ਫ੍ਰੈਂਚਾਇਜ਼ੀ ਐਗਰੀਮੈਂਟ ਰੱਦ ਕੀਤੇ ਜਾਣ ਤੋਂ ਬਾਅਦ ਮੈਕਡੋਨਾਲਡਸ ਇਹ ਪੁਸ਼ਟੀ ਨਹੀਂ ਕਰ ਸਕਦਾ ਕਿ ਸੀ. ਪੀ. ਆਰ. ਐੱਲ. ਵੱਲੋਂ ਸੰਚਾਲਿਤ ਮੈਕਡੋਨਾਲਡਸ ਰੈਸਟੋਰੈਂਟਸ ਖੁਰਾਕ ਸੁਰੱਖਿਆ, ਸਪਲਾਈ ਅਤੇ ਸੰਚਾਲਨ ਮਿਆਰਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਮੈਕਡੋਨਾਲਡ ਅਤੇ ਬਖਸ਼ੀ ਵਿਚਾਲੇ ਕਾਨੂੰਨੀ ਝਗੜਾ ਚੱਲ ਰਿਹਾ ਹੈ।
ਮਿਲਿਆ ਨਵਾਂ ਭਾਈਵਾਲ : ਸੀ. ਪੀ. ਆਰ. ਐੱਲ.
ਓਧਰ ਮੈਕਡੋਨਾਲਡਸ ਦੇ ਸਾਬਕਾ ਭਾਈਵਾਲ ਵਿਕਰਮ ਬਖਸ਼ੀ ਨੇ ਕਿਹਾ ਕਿ ਨਵੀਂ ਲਾਜਿਸਟਿਕਸ ਕੰਪਨੀ ਦੀਆਂ ਸੇਵਾਵਾਂ ਲੈਣ ਦੇ ਨਾਲ ਹੀ ਪੂਰਬ-ਉੱਤਰ ਭਾਰਤ 'ਚ 84 ਬੰਦ ਰੈਸਟੋਰੈਂਟਸ 'ਚੋਂ 16 ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਨਵਾਂ ਲਾਜਿਸਟਿਕ ਭਾਈਵਾਲ ਕੱਚੇ ਮਾਲ ਦੀ ਕਮੀ ਤੋਂ ਪ੍ਰਭਾਵਿਤ ਰੈਸਟੋਰੈਂਟਸ ਨੂੰ ਸਪਲਾਈ ਕਰਨ 'ਚ ਸਮਰੱਥ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹਫ਼ਤੇ ਭਰ 'ਚ ਸਾਰੇ ਬੰਦ ਵਿਕਰੀ ਕੇਂਦਰਾਂ ਨੂੰ ਪੂਰੀ ਤਰ੍ਹਾਂ ਸੰਚਾਲਨ 'ਚ ਲਿਆਂਦਾ ਜਾ ਸਕੇਗਾ। ਹਾਲਾਂਕਿ ਉਨ੍ਹਾਂ ਨਵੀਂ ਕੰਪਨੀ ਦਾ ਨਾਂ ਨਹੀਂ ਦੱਸਿਆ ਹੈ।
ਭਾਰਤ 'ਚ ਫੂਡ ਸੇਫਟੀ ਅਤੇ ਕੁਆਲਿਟੀ ਨੂੰ ਲੈ ਕੇ ਅਚਾਨਕ ਮੈਕਡੋਨਾਲਡਸ ਨੂੰ ਆਈ ਸੁਰਤ : ਬਖਸ਼ੀ
ਮੈਕਡੋਨਾਲਡਸ ਦੇ ਬੁਲਾਰੇ ਨੇ ਕਿਹਾ ਕਿ ਅਣਪਛਾਤੇ ਡਿਸਟ੍ਰੀਬਿਊਸ਼ਨ ਸੈਂਟਰ ਮੈਕਡੋਨਾਲਡਸ ਸਿਸਟਮ ਦੇ ਨਾਲ ਸਪਲਾਈ ਲਈ ਅਧਿਕਾਰਤ ਨਹੀਂ ਹੈ। ਅਮਰੀਕੀ ਚੇਨ ਵੱਲੋਂ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਲਾਏ ਗਏ ਦੋਸ਼ਾਂ 'ਤੇ ਬਖਸ਼ੀ ਨੇ ਕਿਹਾ ਕਿ ਅਸਲ 'ਚ ਇਹ ਤ੍ਰਾਸਦੀ ਹੈ ਕਿ ਭਾਰਤ 'ਚ ਫੂਡ ਸੇਫਟੀ ਅਤੇ ਕੁਆਲਿਟੀ ਨੂੰ ਲੈ ਕੇ ਅਚਾਨਕ ਮੈਕਡੋਨਾਲਡਸ ਨੂੰ ਸੁਰਤ ਆਈ ਹੈ, ਜਦੋਂ ਕਿ 4 ਸਾਲਾਂ ਤੋਂ ਸੀ. ਪੀ. ਆਰ. ਐੱਲ. ਸੀ. ਈ. ਓ. ਸਮੇਤ ਉਨ੍ਹਾਂ ਦਾ ਧਿਆਨ ਇਸ ਵੱਲ ਖਿੱਚ ਰਿਹਾ ਹੈ ਪਰ ਉਨ੍ਹਾਂ ਇਕ ਵਾਰ ਵੀ ਪ੍ਰਤੀਕਿਰਿਆ ਨਹੀਂ ਦਿੱਤੀ।
