ਜੀਓ ਦੇ ਗਾਹਕਾਂ ਦੀ ਹੋਵੇਗੀ ਐਸ਼, ਬਾਜ਼ਾਰ ''ਚ ਇੰਝ ਹਲਚਲ ਮਚਾਉਣਗੇ ਅੰਬਾਨੀ

Sunday, Oct 15, 2017 - 09:00 AM (IST)

ਮੁੰਬਈ— ਰਿਲਾਇੰਸ ਜੀਓ ਵੱਲੋਂ ਗਾਹਕਾਂ ਨੂੰ ਮੁਫਤ ਆਫਰ ਦੇਣ ਕਾਰਨ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ ਵਿੱਚ ਉਸ ਨੂੰ 271 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਅੰਬਾਨੀ ਬਾਜ਼ਾਰ 'ਚ ਹਲਚਲ ਮਚਾਉਣ ਲਈ ਤਿਆਰ ਹਨ। ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ 'ਤੇ ਅਗਲੇ ਕੁਝ ਮਹੀਨਿਆਂ ਤਕ ਅਰਬਾਂ ਰੁਪਏ ਖਰਚ ਕਰੇਗੀ। ਜੀਓ ਦੀ ਪੈਰੰਟ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟਡ ਨੂੰ ਉਮੀਦ ਹੈ ਕਿ ਜੀਓ ਇਨਫੋਕਾਮ ਛੇਤੀ ਹੀ ਫਾਇਦੇ ਵਿੱਚ ਆ ਜਾਵੇਗੀ।ਜੀਓ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਗਾਹਕਾਂ ਨੂੰ ਨਾਲ ਆਪਣੇ ਨਾਲ ਜੋੜੇ ਰੱਖਣ ਲਈ ਰਿਲਾਇੰਸ ਹਰ ਤਿੰਨ ਮਹੀਨਿਆਂ 'ਚ 70 ਅਰਬ ਰੁਪਏ ਖਰਚ ਕਰੇਗਾ। ਜੀਓ 'ਚ ਨਿਵੇਸ਼ ਨਾਲ ਜਿੱਥੇ ਅੰਬਾਨੀ ਇਸ ਦਾ ਵਿਸਥਾਰ ਕਰਨਗੇ, ਉੱਥੇ ਹੀ ਮੋਬਾਇਲ ਬਾਜ਼ਾਰ 'ਚ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਆਫਰਾਂ ਦੀ ਬਹਾਰ ਚੱਲਦੀ ਰਹੇਗੀ। ਜੀਓ ਦੀ ਰਣਨੀਤੀ ਨਾਲ ਬਾਜ਼ਾਰ 'ਚ ਲਗਾਤਾਰ ਇੰਟਰਨੈੱਟ ਅਤੇ ਕਾਲਿੰਗ ਪੈਕ 'ਤੇ ਗਾਹਕਾਂ ਨੂੰ ਆਕਰਸ਼ਤ ਆਫਰ ਮਿਲ ਰਹੇ ਹਨ, ਜਦੋਂ ਕਿ ਮੁਕਾਬਲੇਬਾਜ਼ ਦੂਰਸੰਚਾਰ ਕੰਪਨੀਆਂ ਨੂੰ ਜੀਓ ਸਾਹਮਣੇ ਟਿਕਣ ਲਈ ਇਕ-ਦੂਜੇ ਨਾਲ ਹੱਥ ਮਿਲਾਉਣਾ ਪੈ ਰਿਹਾ ਹੈ। 70 ਅਰਬ ਰੁਪਏ ਦੇ ਨਿਵੇਸ਼ ਦਾ ਮਤਲਬ ਹੈ ਕਿ ਜੀਓ ਦੇ ਗਾਹਕ ਇੰਝ ਹੀ ਸਸਤੇ ਡਾਟਾ ਪੈਕ ਨਾਲ ਸੇਵਾਵਾਂ ਦਾ ਮਜ਼ਾ ਲੈਂਦੇ ਰਹਿਣਗੇ।

ਦੱਸਣਯੋਗ ਹੈ ਕਿ ਜੀਓ ਨੇ ਪਿਛਲੇ ਸਾਲ ਅਖੀਰ ਵਿੱਚ ਮੁਫਤ ਕਾਲ ਅਤੇ ਡਾਟਾ ਦੀ ਸਕੀਮ ਲਾਂਚ ਕੀਤੀ ਸੀ।ਇਸ ਤੋਂ ਬਾਅਦ ਭਾਰਤ ਦੇ ਦੂਰਸੰਚਾਰ ਬਾਜ਼ਾਰ ਵਿੱਚ ਕੀਮਤਾਂ ਨੂੰ ਲੈ ਕੇ ਜੰਗ ਛਿੜ ਗਈ।ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਬਚਾਏ ਰੱਖਣ ਲਈ ਮੁਨਾਫਾ ਘੱਟ ਕਰਦੇ ਹੋਏ ਲੁਭਾਵਣੇ ਆਫਰ ਦੀ ਪੇਸ਼ਕਸ਼ ਕਰਨੀ ਪੈ ਰਹੀ ਹੈ।ਜੀਓ ਨੂੰ ਇਸ ਤਿਮਾਹੀ ਵਿੱਚ 61.47 ਅਰਬ ਰੁਪਏ ਦੀ ਕਮਾਈ ਹੋਈ, ਹਾਲਾਂਕਿ ਉਸ ਵੱਲੋਂ ਇਸ 'ਤੇ ਖਰਚੇ ਗਏ ਰੁਪਏ ਪੂਰੇ ਨਹੀਂ ਹੋਏ ਅਤੇ 2.71 ਅਰਬ ਰੁਪਏ ਦਾ ਨੁਕਸਾਨ ਸਹਿਣ ਕਰਨਾ ਪਿਆ। ਜੀਓ ਦੇ ਨਤੀਜੀਆਂ 'ਤੇ ਸੰਯੁਕਤ ਰਿਲਾਇੰਸ ਫਾਈਨਾਂਸ ਚੀਫ ਵੀ. ਸ਼੍ਰੀਕਾਂਤ ਨੇ ਕਿਹਾ ਕਿ ਮੈਂ ਇਸ ਨੂੰ ਇਸ ਤਰ੍ਹਾਂ ਨਾਲ ਵੇਖ ਰਿਹਾ ਹਾਂ ਕਿ ਇਹ ਬਹੁਤ ਛੇਤੀ ਸਕਾਰਾਤਮਕ ਨਤੀਜਾ (ਪੂਰੀ ਕਮਾਈ) ਦੇਣ ਲੱਗੇਗਾ।ਉੱਧਰ ਰਿਲਾਇੰਸ ਜੀਓ ਦੇ ਰਣਨੀਤੀਕਾਰ ਅੰਸ਼ੁਮਾਨ ਠਾਕੁਰ ਨੇ ਕਿਹਾ ਕਿ ਰਿਲਾਇੰਸ ਅਗਲੇ ਕੁਝ ਤਿਮਾਹੀਆਂ ਤੱਕ ਜੀਓ 'ਤੇ ਹਰ ਤਿਮਾਹੀ ਕਰੀਬ 70 ਅਰਬ ਰੁਪਏ ਖਰਚ ਕਰੇਗਾ।
ਜੀਓ ਨੈੱਟਵਰਕ 'ਤੇ ਗਾਹਕਾਂ ਨੂੰ ਲੁਭਾਣ ਲਈ ਰਿਲਾਇੰਸ ਨੇ ਜੁਲਾਈ ਵਿੱਚ 1500 ਰੁਪਏ ਦਾ ਫੋਨ ਲਾਂਚ ਕੀਤਾ ਸੀ।ਇਸ ਦਾ ਮਕਸਦ ਫੀਚਰ ਫੋਨ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਡਾਟਾ ਸਰਵਿਸ ਅਤੇ ਜੀਓ ਨੈੱਟਵਰਕ ਨਾਲ ਜੋੜਨਾ ਹੈ।ਕੁਝ ਦਿਨ ਪਹਿਲਾਂ ਹੀ ਜੀਓ ਦੇ ਗਾਹਕਾਂ ਲਈ ਐਪਲ ਦੇ ਨਵੇਂ ਆਈਫੋਨ ਨੂੰ ਖਰੀਦਣ 'ਤੇ ਗਾਰੰਟੀਡ ਬਾਇਬੈਕ ਆਫਰ ਪੇਸ਼ ਕੀਤਾ ਗਿਆ ਸੀ।ਭਾਰਤ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਮਾਰਕੀਟ ਵੈਲਿਊ ਦੇ ਲਿਹਾਜ਼ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ।ਹੁਣ ਤਕ ਜੀਓ ਦੇ ਨੈੱਟਵਰਕ ਨਾਲ 13 ਕਰੋੜ ਤੋਂ ਵਧ ਲੋਕ ਜੁੜੇ ਚੁੱਕੇ ਹਨ।


Related News