ਰਿਲਾਇੰਸ ਰਿਟੇਲ ਵੈਂਚਰਸ ਨੂੰ 1.75 ਫੀਸਦੀ ਹਿੱਸੇਦਾਰੀ ਦੇ ਬਦਲੇ ਸਿਲਵਰ ਲੇਕ ਤੋਂ ਮਿਲੇ 7,500 ਕਰੋੜ
Sunday, Sep 27, 2020 - 02:22 PM (IST)
ਨਵੀਂ ਦਿੱਲੀ (ਭਾਸ਼ਾ) – ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਪ੍ਰਚੂਨ ਇਕਾਈ ’ਚ ਅਮਰੀਕਾ ਦੀ ਨਿਜੀ ਇਕਵਿਟੀ ਕੰਪਨੀ ਸਿਲਵਰ ਲੇਕ ਪਾਰਟਨਰਸ ਨੇ 1.75 ਫੀਸਦੀ ਹਿੱਸੇਦਾਰੀ ਦੇ ਬਦਲੇ 7,500 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ।
ਰਿਲਾਇੰਸ ਇੰਡਸਟਰੀਜ਼ ਨੇ 9 ਸਤੰਬਰ ਨੂੰ ਇਸ ਸੌਦੇ ਦਾ ਐਲਾਨ ਕੀਤਾ ਸੀ। ਕੰਪਨੀ ਨੇ ਉਦੋਂ ਕਿਹਾ ਸੀ ਕਿ ਸਿਲਵਰ ਲੇਕ ਉਸ ਦੀ ਇਕਾਈ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (ਆਰ. ਆਰ. ਵੀ. ਐੱਲ.) ਵਿਚ 7.500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਆਰ. ਆਈ. ਐੱਲ. ਨੇ ਦੱਸਿਆ ਕਿ ਆਰ. ਆਰ. ਵੀ. ਐੱਲ. ਨੂੰ ਐੱਸ. ਐੱਲ. ਪੀ. ਰੇਨਬੋ ਹੋਲਡਿੰਗਸ ਪ੍ਰਾਈਵੇਟ ਲਿਮਟਿਡ (ਸਿਲਵਰ ਲੇਕ) ਤੋਂ 7,500 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ। ਸ਼ੇਅਰਾਂ ਦੀ ਵੰਡ ਤੋਂ ਬਾਅਦ ਐੱਸ. ਐੱਲ. ਬੀ. ਰੇਨਬੋ ਹੋਲਡਿੰਗਸ ਕੋਲ ਆਰ. ਆਰ. ਵੀ. ਐੱਲ. ਦੀ 1.75 ਫੀਸਦੀ ਹਿੱਸੇਦਾਰੀ ਹੋ ਗਈ। ਇਸ ਸੌਦੇ ’ਚ ਆਰ. ਆਰ. ਵੀ. ਐੱਲ. ਦਾ ਮੁਲਾਂਕਣ 4.21 ਲੱਖ ਕਰੋੜ ਰੁਪਏ ਦਾ ਕੀਤਾ ਗਿਆ। ਇਹ ਰਿਲਾਇੰਸ ਇੰਡਸਟਰੀਜ਼ ਦੀ ਕਿਸੇ ਇਕਾਈ ’ਚ ਸਿਲਵਰ ਲੇਕ ਦਾ ਇਸੇ ਸਾਲ ’ਚ ਅਰਬਾਂ ਡਾਲਰ ਦਾ ਦੂਜਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਸਿਲਵਰ ਲੇਕ ਨੇ ਜੀਓ ਪਲੇਟਫਾਰਮਸ ’ਚ 1.35 ਅਰਬ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ।