ਰਿਲਾਇੰਸ JIO ਵੇਚ ਸਕੇਗੀ ਟਾਵਰ ਕਾਰੋਬਾਰ , CCI ਨੇ ਦਿੱਤੀ ਹਰੀ ਝੰਡੀ
Tuesday, Jan 21, 2020 - 02:05 PM (IST)

ਨਵੀਂ ਦਿੱਲੀ — ਪ੍ਰਤੀਯੋਗਤਾ ਕਮਿਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਰਿਲਾਇੰਸ ਜਿਓ ਨੂੰ ਟੈਲੀਕਾਮ ਟਾਵਰ ਕਾਰੋਬਾਰ ਕੈਨੇਡਾ ਦੀ ਕੰਪਨੀ ਬਰੂਕਫੀਲਡ ਇਨਫਰਾਸਟਰੱਕਚਰ ਪਾਰਟਨਰਸ ਐਲ.ਪੀ. ਅਤੇ ਹੋਰ ਨਿਵੇਸ਼ਕਾਂ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੋਰ ਨਿਵੇਸ਼ਕਾਂ 'ਚ ਬ੍ਰਿਟਿਸ਼ ਕੋਲੰਬੀਆ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਅਤੇ ਜੀ.ਆਈ.ਸੀ. ਇਨਫਰਾ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੀ ਸਹਾਇਕ ਅਨੇਹਰਾ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਅਤੇ ਵੈਲਕਾਇਰੀ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।
ਸੀ.ਸੀ.ਆਈ. ਨੇ ਸੋਮਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਉਸਨੇ ਪ੍ਰਸਤਾਵਤ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੌਦੇ ਵਿਚ ਰਿਲਾਇੰਸ ਜੀਓ ਇੰਫਰਾਟੈਲ ਪ੍ਰਾਈਵੇਟ ਲਿਮਟਿਡ ਦੇ ਅਸਿੱਧੇ ਕੰਟਰੋਲ ਦਾ ਜਾਰਵਿਸ ਦੁਆਰਾ ਪ੍ਰਾਪਤੀ ਕੀਤੇ ਜਾਣਾ ਸ਼ਾਮਲ ਹੈ।
ਸੇਬੀ ਦੀ ਮਨਜ਼ੂਰੀ ਮਿਲਣਾ ਅਜੇ ਬਾਕੀ
ਇਸ ਸੌਦੇ ਨੂੰ ਅਜੇ ਮਾਰਕੀਟ ਰੈਗੂਲੇਟਰ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਇਹ ਕਿਸੇ ਭਾਰਤੀ ਇਨਫਰਾਸਟਰੱਕਚਰ ਟਰੱਸਟ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹੋਵੇਗਾ।