ਰਿਲਾਇੰਸ ਜੀਓ 4ਜੀ ਡਾਊਨਲੋਡ ਅਤੇ ਅਪਲੋਡ ਸਪੀਡ ’ਚ ਅੱਵਲ

11/18/2022 11:11:22 AM

ਨਵੀਂ ਦਿੱਲੀ– ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ ਅਕਤੂਬਰ ਮਹੀਨੇ ਲਈ 4ਜੀ ਸਪੀਡ ਟੈਸਟ ਦੇ ਅੰਕੜੇ ਜਾਰੀ ਕਰ ਦਿੱਤੇ ਹਨ, ਜਿਸ ’ਚ ਰਿਲਾਇੰਸ ਜੀਓ ਔਸਤ 4ਜੀ ਡਾਊਨਲੋਡ ਸਪੀਡ ਨਾਲ ਅਪਲੋਡ ਸਪੀਡ ’ਚ ਵੀ ਨੰਬਰ ਵਨ ਪੋਜੀਸ਼ਨ ’ਤੇ ਬਣੀ ਹੋਈ ਹੈ।

ਟ੍ਰਾਈ ਵਲੋਂ ਜਾਰੀ ਅੰਕੜਿਆਂ ਮੁਤਾਬਕ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ ’ਚ 1.2 ਐੱਮ. ਬੀ. ਪੀ. ਐੱਸ. ਦਾ ਉਛਾਲ ਦੇਖਣ ਨੂੰ ਮਿਲਿਆ। ਅਕਤੂਬਰ ਮਹੀਨੇ ’ਚ ਸਪੀਡ 20.3 ਐੱਮ. ਬੀ. ਪੀ. ਐੱਸ. ਮਾਪੀ ਗਈ ਜਦ ਕਿ ਸਤੰਬਰ ਮਹੀਨੇ ’ਚ ਇਹ 19.1 ਐੱਮ. ਬੀ. ਪੀ. ਐੱਸ. ਸੀ. ਔਸਤ ਡਾਊਨਲੋਡ ਸਪੀਡ ਦੇ ਮਾਮਲੇ ’ਚ ਏਅਰਟੈੱਲ ਅਤੇ ਵੀ. ਆਈ. (ਵੋਡਾਫੋਨ-ਆਈਡੀਆ) ਦਰਮਿਆਨ ਟੱਕਰ ਦੇਖਣ ਨੂੰ ਮਿਲੀ। ਅਕਤੂਬਰ ਮਹੀਨੇ ’ਚ ਏਅਰਟੈੱਲ ਦੀ ਔਸਤ 4ਜੀ ਡਾਊਨਲੋਡ ਸਪੀਡ 15 ਐੱਮ. ਬੀ. ਪੀ. ਐੱਸ. ਅਤੇ ਵੀ. ਆਈ. (ਵੋਡਾਫੋਨ-ਆਈਡੀਆ) ਦੀ 14.5 ਐੱਮ. ਬੀ. ਪੀ. ਐੱਸ. ਰਹੀ। ਦੋਵੇਂ ਕੰਪਨੀਆਂ ਨੇ ਪਿਛਲੇ ਮਹੀਨੇ ਤੋਂ ਆਪਣੀ ਸਪੀਡ ’ਚ ਕੁੱਝ ਸੁਧਾਰ ਕੀਤਾ ਹੈ ਪਰ ਰਿਲਾਇੰਸ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ ਏਅਰਟੈੱਲ ਅਤੇ ਵੀ. ਆਈ. ਤੋਂ 5 ਐੱਮ. ਬੀ. ਪੀ. ਐੱਸ. ਤੋਂ ਵੀ ਵੱਧ ਹੈ।

ਰਿਲਾਇੰਸ ਜੀਓ ਔਸਤ 4ਜੀ ਅਪਲੋਡ ਸਪੀਡ ’ਚ ਪਿਛਲੇ ਮਹੀਨੇ ਪਹਿਲੀ ਵਾਰ ਨੰਬਰ ਵਨ ’ਤੇ ਪਹੁੰਚੀ ਸੀ। ਕੰਪਨੀ ਨੇ ਇਸ ਮਹੀਨੇ ਵੀ 6.2 ਐੱਮ. ਬੀ. ਪੀ. ਐੱਸ. ਸਪੀਡ ਨਾਲ ਆਪਣੀ ਪੋਜੀਸ਼ਨ ਬਰਕਰਾਰ ਰੱਖੀ ਹੈ। ਵੀ. ਆਈ. (ਵੋਡਾਫੋਨ-ਆਈਡੀਆ) 4.5 ਐੱਮ. ਬੀ. ਪੀ. ਐੱਸ. ਸਪੀਡ ਨਾਲ ਦੂਜੇ ਨੰਬਰ ’ਤੇ ਬਣੀ ਹੋਈ ਹੈ। ਉੱਥੇ ਹੀ ਏਅਰਟੈੱਲ ਦੀ ਅਪਲੋਡ ਸਪੀਡ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਏਅਰਟੈੱਲ ਦੀ ਔਸਤ 4ਜੀ ਅਪਲੋਡ ਸਪੀਡ 2.7 ਐੱਮ. ਬੀ. ਪੀ. ਐੱਸ. ਦੇ ਪੱਧਰ ’ਤੇ ਆ ਗਈ।


Rakesh

Content Editor

Related News