ਰਿਲਾਇੰਸ ਇੰਡਸਟ੍ਰੀਜ਼ 10 ਬੈਂਕਾਂ ਕੋਲੋਂ ਲਵੇਗੀ ਇਕ ਬਿਲੀਅਨ ਡਾਲਰ ਦਾ ਓਵਰਸੀਜ਼ ਕਰਜ਼ਾ
Monday, Oct 05, 2020 - 10:16 PM (IST)
ਨਵੀਂ ਦਿੱਲੀ- ਰਿਲਾਇੰਸ ਇੰਡਸਟ੍ਰੀਜ਼ ਵਲੋਂ ਪਿਛਲੇ 10 ਸਾਲਾਂ ਦੌਰਾਨ ਪਹਿਲੀ ਵਾਰ ਇਕ ਬਿਲੀਅਨ ਡਾਲਰ ਦਾ ਕਰਜ਼ਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸਿੰਡੀਕੇਟ ਕਰਜ਼ਾ ਹੋਵੇਗਾ। ‘ਇਕੋਨਾਮਿਕ ਟਾਈਮਜ਼’ ਵਿਚ ਛਪੀ ਇਕ ਰਿਪੋਰਟ ਮੁਤਾਬਕ ਕੁਲ 9 ਬੈਂਕਾਂ ਤੋਂ ਰਿਲਾਇੰਸ ਇੰਡਸਟ੍ਰੀਜ਼ ਇਹ ਕਰਜ਼ਾ ਲਵੇਗੀ। ਇਨ੍ਹਾਂ ਵਿਚ ਸਟੇਟ ਬੈਂਕ ਆਫ ਇੰਡੀਆ, ਮਿਤਸੁਬਿਸ਼ੀ ਯੂ. ਐੱਫ. ਜੇ. ਫਾਈਨਾਂਸ਼ੀਅਲ ਗਰੁੱਪ (ਐੱਮ. ਯੂ. ਐੱਫ. ਜੀ.), ਸਿਟੀ ਬੈਂਕ, ਐੱਚ. ਐੱਸ. ਬੀ. ਸੀ., ਬੈਂਕ ਆਫ ਅਮਰੀਕਾ ਅਤੇ ਡੀ. ਬੀ. ਐੱਸ. ਬੈਂਕ ਸ਼ਾਮਲ ਹਨ। ਇਨ੍ਹਾਂ ਬੈਂਕਾਂ ਵਲੋਂ 1.20 ਫੀਸਦੀ ਦੀ ਵਿਆਜ ਦਰ ’ਤੇ ਇਹ ਕਰਜ਼ਾ ਦਿੱਤਾ ਜਾਵੇਗਾ। ਕਿਸੇ ਭਾਰਤੀ ਕੰਪਨੀ ਨੂੰ ਇਹ ਹੁਣ ਤਕ ਦਾ ਸਭ ਤੋਂ ਘੱਟ ਵਿਆਜ ਦਰ ’ਤੇ ਦਿੱਤਾ ਗਿਆ ਕਰਜ਼ਾ ਹੈ।
‘ਬਿਜ਼ਨੈੱਸ ਡੇਲੀ’ ਮੁਤਾਬਕ ਸਰਕਾਰ ਦੀ ਮਲਕੀਅਤ ਵਾਲੇ ਐਗਜ਼ਿਮ ਬੈਂਕ ਨੇ ਇਕ ਮਹੀਨਾ ਪਹਿਲਾਂ ਆਫਸ਼ੋਰ ਕਰਜ਼ੇ ਦਾ ਪ੍ਰਬੰਧ ਕੀਤਾ ਸੀ। 2009 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਹਰੇ ਹਿੰਦਸੇ ਵਾਲੀ ਵਿਆਜ ਦਰ ਨੂੰ ਹਾਸਲ ਕੀਤਾ ਜਾ ਰਿਹਾ ਹੈ, ਜਦੋਂਕਿ ਇਸ ਤੋਂ ਪਹਿਲਾਂ ਦੇ ਸਾਲਾਂ ਵਿਚ ਇਹ ਤੀਹਰੇ ਹਿੰਦਸੇ ਵਾਲੀ ਹੁੰਦੀ ਸੀ। ‘ਬਿਜ਼ਨੈੱਸ ਡੇਲੀ’ ਨੇ ਇਹ ਪ੍ਰਗਟਾਵਾ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕੀਤਾ। ਇਕ ਬਿਲੀਅਨ ਡਾਲਰ ਦੇ ਕਰਜ਼ੇ ’ਚੋਂ ਐੱਸ. ਬੀ. ਆਈ. ਅਤੇ ਐੱਮ. ਯੂ. ਐੱਫ. ਜੀ. ਵਲੋਂ ਲਗਭਗ 600 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਵੇਗਾ, ਜਦੋਂਕਿ ਬਾਕੀ ਕਰਜ਼ਾ ਹੋਰ 7 ਬੈਂਕ ਦੇਣਗੇ। ਇਸ ਕਰਜ਼ੇ ਨੂੰ 3 ਸਾਲ ਦੇ ਅੰਦਰ-ਅੰਦਰ ਵਾਪਸ ਕਰਨਾ ਹੋਵੇਗਾ।
ਉਕਤ ਅਖਬਾਰਾਂ ਮੁਤਾਬਕ ਰਿਲਾਇੰਸ ਇੰਡਸਟ੍ਰੀਜ਼ ਵਲੋਂ ਇਹ ਕਰਜ਼ਾ ਅਮਰੀਕਾ ਦੀ ਰਿਲਾਇੰਸ ਹੋਲਡਿੰਗ ਯੂ. ਐੱਸ. ਏ. ਨੂੰ ਅਦਾਇਗੀ ਲਈ ਲਿਆ ਜਾ ਰਿਹਾ ਹੈ, ਜੋ ਰਿਲਾਇੰਸ ਇੰਡਸਟ੍ਰੀਜ਼ ਦੀ ਇਕ ਭਾਈਵਾਲ ਹੈ। ਅਧਿਕਾਰੀਆਂ ਨੇ ਉਕਤ ਦੋਹਾਂ ਕੰਪਨੀਆਂ ਦੇ ਰਲੇਵੇਂ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਪਰ ਨਾਲ ਹੀ ਰਿਲਾਇੰਸ ਨੂੰ ਕਿਹਾ ਕਿ ਉਹ ਭਾਰਤ ਦੀ ਬੈਲੇਂਸ ਸ਼ੀਟ (ਕੈਸ਼) ਦੀ ਵਰਤੋਂ ਅਮਰੀਕਾ ਆਧਾਰਤ ਕੰਪਨੀ ਨੂੰ ਅਦਾਇਗੀ ਲਈ ਨਾ ਕਰੇ। ਆਰ. ਐੱਚ. ਯੂ. ਐੱਸ. ਏ. ਨੇ 2010 ਵਿਚ ਆਪਣੇ ਪਹਿਲੇ ਡਾਲਰ ਬਾਂਡ ਦੀ 4.5 ਫੀਸਦੀ ਤਕ 10 ਅਤੇ 30 ਸਾਲ ਦੀ ਪਰਿਪੱਕਤਾ ਦੀ ਪੇਸ਼ਕਸ਼ ਕੀਤੀ ਸੀ। ਉਕਤ 10 ਸਾਲ ਦੀ ਪਰਿਪੱਕਤਾ ਇਸ ਸਾਲ 20 ਅਕਤੂਬਰ ਨੂੰ ਖਤਮ ਹੋ ਰਹੀ ਹੈ। ਰਿਲਾਇੰਸ ਨੇ ਉਕਤ ਰਕਮ ਬਾਂਡ ਰਾਹੀਂ ਇਕੱਠੀ ਕਰਨੀ ਸੀ ਪਰ ਸਮਾਂ ਬਹੁਤ ਘੱਟ ਹੋਣ ਕਾਰਣ ਉਹ ਇੰਝ ਨਾ ਕਰ ਸਕੀ।
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ ਇਸ ਸਾਲ ਅਗਸਤ ਵਿਚ ਉਕਤ ਦੋਹਾਂ ਕੰਪਨੀਆਂ ਦੇ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਆਰ. ਐੱਚ. ਯੂ. ਐੱਸ. ਏ. ਵੱਖ-ਵੱਖ ਇਕਾਈਆਂ ਦੀ ਹੋਲਡਿੰਗ ਕੰਪਨੀ ਹੈ, ਜਿਸ ਵਲੋਂ ਹਾਈਡ੍ਰੋਕਾਰਬਨ ਦੇ ਉਤਪਾਦਨ ਦੀ ਸੰਭਾਵਨਾ ਦਾ ਪਤਾ ਲਾਉਣ, ਪੈਟਰੋਲੀਅਮ ਪਦਾਰਥਾਂ ਦੀ ਰਿਫਾਈਨਿੰਗ ਤੇ ਮਾਰਕੀਟਿੰਗ ਕਰਨ ਅਤੇ ਪੈਟ੍ਰੋਕੈਮੀਕਲ ਸਬੰਧੀ ਸੇਵਾਵਾਂ ਨੂੰ ਦੁਨੀਆ ਭਰ ਵਿਚ ਮੁਹੱਈਆ ਕਰਵਾਇਆ ਜਾਂਦਾ ਹੈ।