ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਗਲੋਬਲ ਸਥਿਤੀਆਂ ’ਤੇ ਨਿਰਭਰ : ਪੁਰੀ

03/10/2024 11:22:51 AM

ਨਵੀਂ ਦਿੱਲੀ (ਏਜੰਸੀ) - ਸਰਕਾਰ ਨੇ ਹਾਲ ਹੀ ’ਚ 6 ਮਹੀਨਿਆਂ ’ਚ ਦੂਜੀ ਵਾਰ ਘਰੇਲੂ ਗੈਸ ਸਿਲੰਡਰ ਦੀ ਕੀਮਤ ’ਚ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਘਰੇਲੂ ਗੈਸ ਸਿਲੰਡਰ ਦੀ ਕੀਮਤ 36 ਮਹੀਨਿਆਂ ’ਚ ਸਭ ਤੋਂ ਘੱਟ ਹੈ। ਅਜਿਹੇ ’ਚ ਹੁਣ ਦੇਸ਼ ਦੇ ਆਮ ਲੋਕਾਂ ਨੂੰ ਸਸਤੇ ਪੈਟਰੋਲ ਅਤੇ ਡੀਜ਼ਲ ਦੀ ਉਡੀਕ ਹੈ। ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਭਗ 2 ਸਾਲਾਂ ਤੋਂ ਸਥਿਰ ਹਨ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਅਪ੍ਰੈਲ 2022 ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜਦਕਿ ਸਰਕਾਰ ਨੇ ਟੈਕਸਾਂ ’ਚ ਕਟੌਤੀ ਕਰ ਕੇ ਮਈ 2022 ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਸੀ। ਹੁਣ ਸਰਕਾਰ ਨੇ ਇਸ ਮਾਮਲੇ ’ਚ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਹੁਣ ਇਸ ’ਤੇ ਦੇਸ਼ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ :    ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਡੀਜ਼ਲ ਦੀ ਵਿਕਰੀ ’ਤੇ ਅੰਡਰ-ਰਿਕਵਰੀ ਜਾਰੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਦੀ ਸੰਭਾਵਨਾ ’ਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ’ਤੇ ਫੈਸਲਾ ਭੂ-ਰਾਜਨੀਤਿਕ ਪਰੀਦ੍ਰਿਸ਼ ਅਤੇ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਦੀ ਸਥਿਰਤਾ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ :    ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ

ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹੀ ਕਹਾਂਗਾ ਕਿ ਬਾਹਰੀ ਦੁਨੀਆ ’ਚ ਸਥਿਤੀ ਸਥਿਰ ਹੋਣ ਦਿਓ, ਤੇਲ ਦੀਆਂ ਕੀਮਤਾਂ ਨੂੰ ਸਥਿਰ ਹੋਣ ਦਿਓ, ਫਿਰ ਇਸ ’ਤੇ (ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ) ਦੇਖਿਆ ਜਾ ਸਕਦਾ ਹੈ ਪਰ ਉਨ੍ਹਾਂ ਨੇ ਪੱਛਮ ਏਸ਼ੀਆ ’ਚ ਲਾਲ ਸਾਗਰ ’ਚ ਜਾਰੀ ਤਣਾਅ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਥੇ ਹਮਲੇ ਲਗਾਤਾਰ ਜਾਰੀ ਹਨ। ਇਸ ਕਾਰਨ ਬੀਮਾ ਅਤੇ ਮਾਲ ਢੋਆ-ਢੁਆਈ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਕਾਰਨ ਊਰਜਾ ਬਾਜ਼ਾਰ ’ਚ ਅਸਥਿਰਤਾ ਦੇਖਣ ਨੂੰ ਮਿਲ ਰਹੀ ਹੈ।

ਦੋ ਵਾਰ ਟੈਕਸ ’ਚ ਕੀਤੀ ਕਟੌਤੀ

ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ 2021 ਦੇ ਬਾਅਦ ਤੋਂ ਨਵੰਬਰ 2021 ਅਤੇ ਮਈ 2022 ’ਚ ਐਕਸਾਈਜ਼ ਡਿਊਟੀ ’ਚ ਕਟੌਤੀ ਨਾਲ ਦੋ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਪੈਟਰੋਲ ’ਤੇ ਐਕਸਾਈਜ਼ ਡਿਊਟੀ ’ਚ 13 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ ਅਤੇ ਡੀਜ਼ਲ ’ਤੇ ਵੀ ਐਕਸਾਈਜ਼ ਡਿਊਟੀ ਘਟਾਈ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਹੀ ਮੌਕਿਆਂ ’ਤੇ ਟੈਕਸਾਂ ’ਚ ਕਟੌਤੀ ਦੀ ਵਜ੍ਹਾ ਨਾਲ ਕੇਂਦਰ ਨੂੰ ਲੱਗਭਗ 2.2 ਲੱਖ ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ, ‘‘ਉਤਪਾਦਨ ’ਚ ਕਟੌਤੀ ਦੇ ਬਾਵਜੂਦ ਗਲੋਬਲ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਹੋਇਆ ਹੈ। ਇਸ ਦਾ ਮਤਲਬ ਹੈ ਕਿ ਗਲੋਬਲ ਤੇਲ ਬਾਜ਼ਾਰ ਇਸ ਨੂੰ ਸੋਖ ਰਿਹਾ ਹੈ।

ਸ਼ੁੱਕਰਵਾਰ ਨੂੰ ਇੰਟਰਕਾਂਟੀਨੈਂਟਲ ਐਕਸਚੇਂਜ ’ਤੇ ਖਾੜੀ ਦੇਸ਼ਾਂ ਦਾ ਕੱਚਾ ਤੇਲ 82.08 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ, ਜੋ ਪਿਛਲੇ ਬੰਦ ਨਾਲੋਂ 1.06 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ :    13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News