ਘਰੇਲੂ ਮੰਗ ਵਧਣ ਨਾਲ ‘ਤਿੱਖੀ’ ਹੋਈ ਲਾਲ ਮਿਰਚ, 40 ਫ਼ੀਸਦੀ ਚੜ੍ਹੇ ਮੁੱਲ

11/21/2019 9:23:36 PM

ਨਵੀਂ ਦਿੱਲੀ (ਇੰਟ.)-ਦੇਸ਼ ’ਚ ਲਾਲ ਮਿਰਚ ਦੀ ਵਧਦੀ ਮੰਗ ਅਤੇ ਘਟਦੇ ਸਟਾਕ ਨਾਲ ਇਸ ਦੇ ਮੁੱਲ ਆਸਮਾਨ ਛੂਹਣ ਲੱਗੇ ਹਨ। ਪਿਛਲੇ ਸਾਲ ਦੇ ਮੁਕਾਬਲੇ ਲਾਲ ਮਿਰਚ ਦੇ ਮੁੱਲ 40 ਫ਼ੀਸਦੀ ਉਛਲ ਗਏ ਹਨ। ਵਧੀਆ ਕੁਆਲਟੀ ਵਾਲੀ ‘ਤੇਜਾ’ ਕਿਸਮ ਦੀ ਲਾਲ ਮਿਰਚ ਦੀ ਕੀਮਤ 195 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਸ ਵਿੱਤੀ ਸਾਲ ਦੀ ਸ਼ੁਰੂਆਤ ’ਚ ਬਰਾਮਦ ਵਧਣ ਨਾਲ ਇਸ ਦੀਆਂ ਕੀਮਤਾਂ ਵਧੀਆਂ ਸਨ। ਹੁਣ ਜਦੋਂ ਕਿ ਬਰਾਮਦ ਹੋਣ ਵਾਲੀ ਪ੍ਰੀਮੀਅਮ ਕੁਆਲਟੀ ਵਾਲੀ ਤੇਜਾ ਮਿਰਚ ਦਾ ਸਟਾਕ ਹੌਲੀ-ਹੌਲੀ ਖਤਮ ਹੋ ਰਿਹਾ ਹੈ ਤਾਂ ਔਸਤ ਗੁਣਵੱਤਾ ਵਾਲੀ ਮਿਰਚ ਦੀ ਘਰੇਲੂ ਬਾਜ਼ਾਰ ’ਚ ਚੋਖੀ ਮੰਗ ਹੋ ਰਹੀ ਹੈ।

ਬਰਾਮਦਕਾਰ ਕਰ ਰਹੇ ਨਵੀਂ ਫਸਲ ਦੀ ਉਡੀਕ
ਸਦਰਨ ਐਗਰੋ ਕੰਪਨੀ ਦੇ ਮਾਲਕ ਐੱਲ. ਸੇਲਵਦੁਰਾਈ ਨੇ ਕਿਹਾ ਕਿ ਦੇਸ਼ ’ਚ ਲਾਲ ਮਿਰਚ ਦੀ ਵਿਕਰੀ ਚੰਗੀ ਚੱਲ ਰਹੀ ਹੈ। ਬਰਾਮਦਕਾਰ ਨਵੀਂ ਫਸਲ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਲਡ ਸਟੋਰ ’ਚ ਤੇਜਾ ਮਿਰਚ ਦਾ ਸਟਾਕ ਘਟ ਗਿਆ ਹੈ ਪਰ ਸਥਾਨਕ ਬਾਜ਼ਾਰ ’ਚ ਵਿਕਣ ਵਾਲੀ ‘ਸਨਮ’ ਕਿਸਮ ਦੀ ਚੋਖੀ ਸਪਲਾਈ ਹੋ ਰਹੀ ਹੈ। ਉਦਯੋਗ ਨੂੰ ਉਮੀਦ ਹੈ ਕਿ ਦਸੰਬਰ ਦੇ ਦੂਜੇ ਹਫ਼ਤੇ ਤੋਂ ਬਾਅਦ ਹੀ ਕੀਮਤਾਂ ਘਟਣਗੀਆਂ, ਜਦੋਂ ਮੁੱਖ ਉਤਪਾਦਕ ਸੂਬਿਆਂ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਦੇ ਦੱਖਣੀ ਜ਼ਿਲਿਆਂ ਤੋਂ ਨਵੀਂ ਫਸਲ ਆਉਣੀ ਸ਼ੁਰੂ ਹੋਵੇਗੀ।

ਭਾਰਤ ਕੌਮਾਂਤਰੀ ਬਾਜ਼ਾਰ ’ਚ ਮਿਰਚ ਦਾ ਇਕਲੌਤਾ ਸਪਲਾਇਰ
ਜੈਬਸ ਇੰਟਰਨੈਸ਼ਨਲ ਦੇ ਨਿਰਦੇਸ਼ਕ ਸ਼ੈਲੇਸ਼ ਸ਼ਾਹ ਨੇ ਕਿਹਾ ਕਿ ਭਾਰਤ ਕੌਮਾਂਤਰੀ ਬਾਜ਼ਾਰ ’ਚ ਮਿਰਚ ਦਾ ਇਕਲੌਤਾ ਸਪਲਾਇਰ ਹੈ, ਇਸ ਲਈ ਕਈ ਦੇਸ਼ ਲਾਲ ਮਿਰਚ ਦੀ ਕੀਮਤ ਪਿਛਲੇ ਸਾਲ ਦੇ ਪੱਧਰ ਤੋਂ ਵਧਣ ਦੇ ਮਗਰੋਂ ਵੀ ਇਸ ਦੀ ਖਰੀਦਦਾਰੀ ਕਰ ਰਹੇ ਹਨ। ਹੁਣ ਵੀ ਕੁੱਝ ਲਾਲ ਮਿਰਚ ਦੀ ਖੇਪ ਬਰਾਮਦ ਲਈ ਤਿਆਰ ਹੈ। ਮਿਰਚ ਉਤਪਾਦਨ ਸੀਜ਼ਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਤੋਂ ਸ਼ੁਰੂ ਹੋਈ, ਜਿੱਥੇ ਇਸ ਮਹੀਨੇ ਲਾਲ ਮਿਰਚ ਦਾ ਉਤਪਾਦਨ ਉਮੀਦ ਨਾਲੋਂ ਘੱਟ ਰਿਹਾ ਹੈ।

ਮੀਂਹ ਕਾਰਣ 25 ਫ਼ੀਸਦੀ ਫਸਲ ਹੋਈ ਖ਼ਰਾਬ
ਸੇਲਵਦੁਰਾਈ ਨੇ ਕਿਹਾ ਕਿ ਲਗਾਤਾਰ ਮੀਂਹ ਪੈਣ ਕਾਰਣ ਮਿਰਚ ਦੀ ਲਗਭਗ 25 ਫ਼ੀਸਦੀ ਫਸਲ ਖ਼ਰਾਬ ਹੋ ਗਈ। ਇਹ ਮਿਰਚ ਦੀਆਂ ਕੀਮਤਾਂ ’ਚ ਉਛਾਲ ਦੀ ਇਕ ਵੱਡੀ ਵਜ੍ਹਾ ਸੀ ਪਰ ਦੱਖਣੀ ਸੂਬਿਆਂ ਤੋਂ ਮਿਲਣ ਵਾਲੀ ਬੰਪਰ ਫਸਲ ਨਾਲ ਇਸ ਦੀ ਪੂਰਤੀ ਹੋਣ ਦੀ ਸੰਭਾਵਨਾ ਹੈ। ਸੇਲਵਦੁਰਾਈ ਨੇ ਕਿਹਾ ਕਿ ਮੁੱਲ ਉੱਚੇ ਰਹਿਣ ਨਾਲ ਨਵੇਂ ਕਿਸਾਨਾਂ ਨੇ ਮਿਰਚ ਦੀ ਬੀਜਾਈ ਜ਼ਿਆਦਾ ਕੀਤੀ ਹੈ। ਇਸ ਕਾਰਣ ਮਿਰਚ ਦਾ ਕੁਲ ਉਤਪਾਦਨ ਪਿਛਲੇ ਸਾਲ ਨਾਲੋਂ ਜ਼ਿਆਦਾ ਰਹਿਣ ਦਾ ਅੰਦਾਜ਼ਾ ਹੈ। ਪਿਛਲੇ ਸਾਲ 23 ਲੱਖ ਟਨ ਲਾਲ ਮਿਰਚ ਦਾ ਉਤਪਾਦਨ ਹੋਇਆ ਸੀ। ਉਦਯੋਗ ਨੂੰ ਉਮੀਦ ਹੈ ਕਿ ਜਨਵਰੀ ਦੇ ਮੱਧ ਤੱਕ ਬਰਾਮਦ ਵਧੇਗੀ ਕਿਉਂਕਿ ਉਸ ਸਮੇਂ ਨਵੀਂ ਲਾਲ ਮਿਰਚ ਦੀ ਆਮਦ ਵਧੇਗੀ।


Karan Kumar

Content Editor

Related News