RBI ਛੇਤੀ ਡਿਜੀਟਲ ਉਧਾਰ ਬਾਰੇ ਦਿਸ਼ਾ-ਨਿਰਦੇਸ਼ ਲਿਆਵੇਗਾ : ਡਿਪਟੀ ਗਵਰਨਰ
Friday, Feb 11, 2022 - 05:13 PM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਐੱਮ. ਰਾਜੇਸ਼ਵਰ ਰਾਵ ਨੇ ਕਿਹਾ ਕਿ ਕੇਂਦਰੀ ਬੈਂਕ ਛੇਤੀ ਹੀ ਡਿਜੀਟਲ ਕਰਜ਼ੇ ’ਤੇ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਡਿਜੀਟਲ ਉਧਾਰ ’ਤੇ ਕਾਰਜਕਾਰੀ ਸਮੂਹ ਨੇ ਪਿਛਲੇ ਸਾਲ ਨਵੰਬਰ ’ਚ ਆਨਲਾਈਨ ਮੰਚ ਅਤੇ ਮੋਬਾਇਲ ਐਪ ਰਾਹੀਂ ਕਰਜ਼ਾ ਦੇਣ ਸਮੇਤ ਡਿਜੀਟਲ ਕਰਜ਼ੇ ’ਤੇ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਸਨ। ਕੇਂਦਰੀ ਬੈਂਕ ਨੇ ਇਸ ਸਬੰਧ ’ਚ ਜਨਤਾ ਤੋਂ ਸੁਝਾਅ ਮੰਗੇ ਸਨ, ਜਿਸ ਦੀ ਆਖਰ ਮਿਤੀ 31 ਦਸੰਬਰ 2021 ਸੀ। ਰਾਵ ਨੇ ਮੁਦਰਾ ਨੀਤੀ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਆਰ. ਬੀ. ਆਈ. ਨੂੰ ਆਮ ਲੋਕਾਂ ਤੋਂ ਸੁਝਾਅ ਮਿਲੇ ਹਨ ਅਤੇ ਅਸੀਂ ਉਨ੍ਹਾਂ ਸੁਝਾਅ ਦੇ ਆਧਾਰ ’ਤੇ ਦਿਸ਼ਾ-ਨਿਰਦੇਸ਼ (ਡਿਜੀਟਲ ਉਧਾਰ ਦੇ) ਤਿਆਰ ਕਰਨਗੇ। ਕੰਮ ਤਰੱਕੀ ’ਤੇ ਹੈ ਅਤੇ ਛੇਤੀ ਹੀ ਇਸ ਨੂੰ (ਦਿਸ਼ਾ-ਨਿਰਦੇਸ਼) ਜਾਰੀ ਕੀਤਾ ਜਾਵੇਗਾ। ਪ੍ਰਚੂਨ ਭੁਗਤਾਨ ਪ੍ਰਣਾਲੀ ਦੇ ਸਬੰਧ ’ਚ ਨਵੀਂ ਇਕਾਈ ਬਾਰੇ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਰਜ਼ੀਦਾਤਿਆਂ ਦੇ ਨਾਂ ਨੂੰ ਅੰਤਿਮ ਰੂਪ ਦੇਣ ’ਚ ਦੇਰੀ ਹੋ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪ੍ਰਕਿਰਿਆ ਮੁਲਾਂਕਣ ਦੇ ਅਧੀਨ ਹੈ ਅਤੇ ਛੇਤੀ ਹੀ ਵੇਰਵਾ ਜਾਰੀ ਕੀਤਾ ਜਾਵੇਗਾ।