RBI ਦੀ ਮਾਸਟਰਕਾਰਡ 'ਤੇ ਵੱਡੀ ਕਾਰਵਾਈ, ਨਵੇਂ ਗਾਹਕ ਜੋੜਨ 'ਤੇ ਲਾਈ ਰੋਕ
Wednesday, Jul 14, 2021 - 07:14 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਮਾਸਟਰਕਾਰਡ 'ਤੇ ਵੱਡੀ ਕਾਰਵਾਈ ਕੀਤੀ ਹੈ। ਰਿਜ਼ਰਵ ਬੈਂਕ ਨੇ ਮਾਸਟਰਕਾਰਡ ਨੂੰ 22 ਜੁਲਾਈ 2021 ਤੋਂ ਨਵੇਂ ਘਰੇਲੂ ਗਾਹਕਾਂ ਨੂੰ ਜੋੜਨ 'ਤੇ ਰੋਕ ਲਾ ਦਿੱਤੀ ਹੈ। ਇਸ ਰੋਕ ਦੇ ਮੱਦੇਨਜ਼ਰ ਕੰਪਨੀ ਨਵੇਂ ਘਰੇਲੂ ਡੈਬਿਟ ਤੇ ਕ੍ਰੈਡਿਟ ਜਾਂ ਪ੍ਰੀਪੇਡ ਕਾਰਡ ਗਾਹਕ ਨਹੀਂ ਜੋੜ ਸਕੇਗੀ।
ਆਰ. ਬੀ. ਆਈ. ਮੁਤਾਬਕ, ਮਾਸਟਰਕਾਰਡ ਨੇ ਭਾਰਤ ਵਿਚ ਪੇਮੈਂਟ ਸਿਸਟਮ ਡਾਟਾ ਦੇ ਸਟੋਰੇਜ 'ਤੇ ਉਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- LIC ਦਾ ਆ ਰਿਹੈ IPO, ਹੋਵੇਗੀ ਮੋਟੀ ਕਮਾਈ, ਨਾਲ ਇਹ ਵੀ ਹੈ ਵੱਡੀ ਖ਼ੁਸ਼ਖ਼ਬਰੀ
ਹਾਲਾਂਕਿ, ਇਸ ਹੁਕਮ ਦਾ ਮਾਸਟਰਕਾਰਡ ਦੇ ਮੌਜੂਦਾ ਗਾਹਕਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਰਿਜ਼ਰਵ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਅਤੇ ਢੁੱਕਵਾਂ ਮੌਕਾ ਦਿੱਤੇ ਜਾਣ ਦੇ ਬਾਵਜੂਦ ਮਾਸਟਰਕਾਰਡ ਡਾਟਾ ਦੇ ਸਟੋਰੇਜ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਹੈ। ਆਰ. ਬੀ. ਆਈ. ਨੇ ਕਿਹਾ ਕਿ ਭੁਗਤਾਨ ਤੇ ਨਿਪਟਾਰਾ ਪ੍ਰਣਾਲੀ ਐਕਟ, 2007 (ਪੀ. ਐੱਸ. ਐੱਸ. ਐਕਟ) ਦੀ ਧਾਰਾ 17 ਤਹਿਤ ਆਰ. ਬੀ. ਆਈ. ਨੂੰ ਸੌਂਪੀ ਗਈ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਮਾਸਟਰਕਾਰਡ ਇਕ ਅਮਰੀਕੀ ਕੰਪਨੀ ਹੈ। ਇਸ ਕੰਪਨੀ ਦਾ ਮੁੱਖ ਦਫ਼ਤਰ ਨਿਊਯਾਰਕ ਵਿਚ ਹੈ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਖ਼ਰੀਦ ਲਓ ਸੋਨਾ, 10 ਗ੍ਰਾਮ ਇੰਨਾ ਹੋ ਸਕਦਾ ਹੈ ਮਹਿੰਗਾ