RBI ਦੀ ਬੈਠਕ 5 ਫਰਵਰੀ ਤੋਂ, ਵੀਰਵਾਰ ਨੂੰ ਹੋਵੇਗਾ ਪਾਲਿਸੀ ਦਾ ਐਲਾਨ
Monday, Feb 04, 2019 - 01:33 PM (IST)

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੀਰਵਾਰ ਨੂੰ ਦੁਪਹਿਰ ਤੋਂ ਪਹਿਲਾਂ ਆਪਣੀ ਮਾਨਿਟਰੀ ਪਾਲਿਸੀ ਜਾਰੀ ਕਰੇਗਾ। ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ 5 ਤਰੀਕ ਤੋਂ ਸ਼ੁਰੂ ਹੋਵੇਗੀ ਤੇ 7 ਫਰਵਰੀ ਨੂੰ 11.45 ਵਜੇ ਇਸ ਦਾ ਫੈਸਲਾ ਸਾਹਮਣੇ ਆ ਜਾਵੇਗਾ। ਸਮੇਂ 'ਚ ਤਬਦੀਲੀ ਦੇ ਕਾਰਨ ਸਪੱਸ਼ਟ ਨਹੀਂ ਹਨ। ਹੁਣ ਤਕ ਰਿਜ਼ਰਵ ਬੈਂਕ ਦੁਪਹਿਰ 2.30 ਵਜੇ ਪਾਲਿਸੀ ਜਾਰੀ ਕਰਦਾ ਸੀ। 2018-19 ਦੇ ਵਿੱਤੀ ਸਾਲ ਲਈ ਇਹ 6ਵੀਂ ਮਾਨਿਟਰੀ ਪਾਲਿਸੀ ਬੈਠਕ ਹੈ, ਜਦੋਂ ਕਿ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ ਐੱਮ. ਪੀ. ਸੀ. ਦੀ ਇਹ ਪਹਿਲੀ ਮੀਟਿੰਗ ਹੋਵੇਗੀ।
ਇਸ ਵਾਰ ਵੀ ਲੋਨ ਸਸਤਾ ਹੋਣ ਅਤੇ ਈ. ਐੱਮ. ਆਈ. ਘਟਣ ਦੀ ਸੰਭਾਵਨਾ ਨਹੀਂ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਿਡਲ ਕਲਾਸ ਤੇ ਕਿਸਾਨਾਂ ਲਈ ਜੋ ਲੁਭਾਊ ਬਜਟ ਪੇਸ਼ ਕੀਤਾ ਹੈ ਉਸ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਵੀ ਮਹਿੰਗਾਈ ਵਧਣ ਦਾ ਖਦਸ਼ਾ ਹੈ। ਇਸ ਕਾਰਨ ਵਿਆਜ ਦਰਾਂ 'ਚ ਕਟੌਤੀ ਤੋਂ ਆਰ. ਬੀ. ਆਈ. ਪਿੱਛੇ ਹੱਟ ਸਕਦਾ ਹੈ। ਹਾਲਾਂਕਿ ਬਾਜ਼ਾਰ ਦਾ ਇਕ ਵਰਗ ਅਜਿਹਾ ਵੀ ਹੈ ਜੋ ਹੁਣ ਵੀ ਦਰਾਂ 'ਚ ਕਟੌਤੀ ਦੀ ਉਮੀਦ ਕਰ ਰਿਹਾ ਹੈ ਪਰ ਵਿੱਤੀ ਘਾਟੇ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ 7 ਫਰਵਰੀ ਨੂੰ ਵਿਆਜ ਦਰਾਂ 'ਚ ਕਟੌਤੀ ਨਹੀਂ ਹੋਵੇਗੀ।
ਸਰਕਾਰ ਨੇ ਮੌਜੂਦਾ ਮਾਲੀ ਸਾਲ 'ਚ ਵਿੱਤੀ ਘਾਟਾ ਜੀ. ਡੀ. ਪੀ. ਦਾ 3.4 ਫੀਸਦੀ ਰੱਖਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜੋ ਪਹਿਲਾਂ 3.3 ਫੀਸਦੀ ਰਹਿਣ ਦਾ ਅਨੁਮਾਨ ਸੀ। ਵਿੱਤੀ ਸਾਲ 2019-20 ਲਈ ਵੀ ਇਸ ਨੂੰ 3.4 ਫੀਸਦੀ ਰੱਖਣ ਦਾ ਟੀਚਾ ਰੱਖਿਆ ਗਿਆ ਹੈ, ਜਦੋਂ ਕਿ ਪਹਿਲਾਂ ਇਸ ਨੂੰ 3 ਫੀਸਦੀ ਤੋਂ ਘੱਟ ਰੱਖਣ ਦੀ ਗੱਲ ਕਹੀ ਜਾ ਰਹੀ ਸੀ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੇ ਬਜਟ 'ਚ ਕਿਸਾਨਾਂ ਲਈ ਚਾਲੂ ਮਾਲੀ ਸਾਲ 'ਚ 20,000 ਕਰੋੜ ਦੀ ਵਾਧੂ ਵਿਵਸਥਾ ਕੀਤੀ ਹੈ, ਜਦੋਂ ਕਿ 2019-20 ਲਈ 75,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।