ਨੇਤਰਹੀਣਾਂ ਨੂੰ ਵੱਡੀ ਰਾਹਤ, RBI ਨੋਟਾਂ ਨੂੰ ਪਛਾਣਨ ਲਈ ਲਿਆਏਗਾ ਐਪ

Monday, Jul 15, 2019 - 01:25 AM (IST)

ਨੇਤਰਹੀਣਾਂ ਨੂੰ ਵੱਡੀ ਰਾਹਤ, RBI ਨੋਟਾਂ ਨੂੰ ਪਛਾਣਨ ਲਈ ਲਿਆਏਗਾ ਐਪ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇਤਰਹੀਣ ਲੋਕਾਂ ਨੂੰ ਨੋਟਾਂ ਦੀ ਪਛਾਣ ਕਰਨ 'ਚ ਮਦਦ ਲਈ ਇਕ ਮੋਬਾਇਲ ਐਪਲੀਕੇਸ਼ਨ (ਮੋਬਾਇਲ ਐਪ) ਪੇਸ਼ ਕਰੇਗਾ। ਕੇਂਦਰੀ ਬੈਂਕ ਨੇ ਲੈਣ-ਦੇਣ 'ਚ ਅਜੇ ਵੀ ਨਕਦੀ ਦੀ ਭਾਰੀ ਵਰਤੋਂ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਹੈ। ਮੌਜੂਦਾ 'ਚ 10, 20, 50, 100, 200, 500 ਅਤੇ 2000 ਰੁਪਏ ਦੇ ਬੈਂਕ ਨੋਟ ਚਲਨ 'ਚ ਹਨ।  ਰਿਜ਼ਰਵ ਬੈਂਕ ਨੇ ਕਿਹਾ ਕਿ ਨੇਤਰਹੀਣ ਲੋਕਾਂ ਲਈ ਨਕਦੀ ਆਧਾਰਿਤ ਲੈਣ-ਦੇਣ ਨੂੰ ਸਫਲ ਬਣਾਉਣ ਲਈ ਬੈਂਕ ਨੋਟ ਦੀ ਪਛਾਣ ਜ਼ਰੂਰੀ ਹੈ। ਨੋਟ ਨੂੰ ਪਛਾਣਨ 'ਚ ਨੇਤਰਹੀਣਾਂ ਦੀ ਮਦਦ ਲਈ 'ਇੰਟੈਗਲੀਓ ਪ੍ਰਟਿੰਗ' ਆਧਾਰਿਤ ਪਛਾਣ ਚਿੰਨ੍ਹ ਦਿੱਤੇ ਗਏ ਹਨ। ਇਹ ਚਿੰਨ੍ਹ 100 ਰੁਪਏ ਅਤੇ ਉਸ ਤੋਂ ਉੱਪਰ ਦੇ ਨੋਟਾਂ 'ਚ ਹਨ। ਨਵੰਬਰ 2016 'ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਹੁਣ ਚਲਨ 'ਚ ਨਵੇਂ ਆਕਾਰ ਅਤੇ ਡਿਜ਼ਾਈਨ ਦੇ ਨੋਟ ਮੌਜੂਦ ਹਨ।

ਕੇਂਦਰੀ ਬੈਂਕ ਨੇ ਕਿਹਾ ਕਿ ਰਿਜ਼ਰਵ ਬੈਂਕ ਨੇਤਰਹੀਣਾਂ ਨੂੰ ਆਪਣੇ ਰੋਜ਼ਾਨਾ ਕੰਮਕਾਜ 'ਚ ਬੈਂਕ ਨੋਟਾਂ ਨੂੰ ਪਛਾਣਨ 'ਚ ਆਉਣ ਵਾਲੀਆਂ ਦਿੱਕਤਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ। ਬੈਂਕ ਮੋਬਾਇਲ ਐਪ ਵਿਕਸਿਤ ਕਰਨ ਲਈ ਵੈਂਡਰ ਦੀ ਤਲਾਸ਼ ਕਰ ਰਿਹਾ ਹੈ। ਇਹ ਐਪ ਮਹਾਤਮਾ ਗਾਂਧੀ ਲੜੀ ਅਤੇ ਮਹਾਤਮਾ ਗਾਂਧੀ (ਨਵੀਂ) ਲੜੀ ਦੇ ਨੋਟਾਂ ਦੀ ਪਛਾਣ ਕਰਨ 'ਚ ਸਮਰੱਥ ਹੋਵੇਗਾ। ਇਸ ਦੇ ਲਈ ਵਿਅਕਤੀ ਨੂੰ ਨੋਟ ਨੂੰ ਫੋਨ ਦੇ ਕੈਮਰੇ ਦੇ ਸਾਹਮਣੇ ਰੱਖ ਕੇ ਉਸਦੀ ਫੋਟੋ ਖਿੱਚਣੀ ਹੋਵੇਗੀ। ਜੇਕਰ ਨੋਟ ਦੀ ਫੋਟੋ ਸਹੀ ਤਰੀਕੇ ਲਈ ਗਈ ਹੋਵੇਗੀ ਤਾਂ ਐਪ ਆਡੀਓ ਨੋਟੀਫਿਕੇਸ਼ਨ ਰਾਹੀਂ ਨੇਤਰਹੀਣ ਵਿਅਕਤੀ ਨੂੰ ਨੋਟ ਦੇ ਮੁੱਲ ਬਾਰੇ ਦੱਸ ਦੇਵੇਗਾ।

ਜੇਕਰ ਫੋਟੋ ਸਹੀ ਤਰੀਕੇ ਨਹੀਂ ਲਈ ਗਈ ਜਾਂ ਫਿਰ ਨੋਟ ਨੂੰ ਰੀਡ ਕਰਨ 'ਚ ਕੋਈ ਮੁਸ਼ਕਿਲ ਹੋ ਰਹੀ ਹੈ ਤਾਂ ਐਪ ਫਿਰ ਤੋਂ ਕੋਸ਼ਿਸ਼ ਕਰਨ ਦੀ ਸੂਚਨਾ ਦੇਵੇਗਾ। ਰਿਜ਼ਰਵ ਬੈਂਕ ਐਪ ਬਣਾਉਣ ਲਈ ਤਕਨੀਕੀ ਕੰਪਨੀਆਂ ਤੋਂ ਟੈਂਡਰ ਮੰਗ ਰਿਹਾ ਹੈ। ਬੈਂਕ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਪ੍ਰਸਤਾਵ ਲਈ ਅਰਜ਼ੀਆਂ ਮੰਗੀਆਂ ਸਨ। ਹਾਲਾਂਕਿ ਬਾਅਦ 'ਚ ਇਸ ਨੂੰ ਰੱਦ ਕਰ ਦਿੱਤਾ ਗਿਆ। ਦੇਸ਼ 'ਚ ਲਗਭਗ 80 ਲੱਖ ਨੇਤਰਹੀਣ ਲੋਕ ਹਨ। ਆਰ. ਬੀ. ਆਈ. ਦੀ ਇਸ ਪਹਿਲ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।


author

Karan Kumar

Content Editor

Related News