RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
Wednesday, Feb 08, 2023 - 12:06 PM (IST)
ਬਿਜ਼ਨੈੱਸ ਡੈਸਕ- ਆਰ.ਬੀ.ਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਆਰ.ਬੀ.ਆਈ ਨੇ ਰੈਪੋ ਰੇਟ 'ਚ 0.25 ਫ਼ੀਸਦੀ ਦਾ ਵਾਧਾ ਕੀਤਾ ਹੈ। ਕੇਂਦਰੀ ਬੈਂਕ ਨੇ ਲਗਾਤਾਰ ਛੇਵੀਂ ਵਾਰ ਰੈਪੋ ਦਰ 'ਚ ਵਾਧਾ ਕੀਤਾ ਹੈ। ਰੈਪੋ ਰੇਟ 6.25% ਤੋਂ ਵਧਾ ਕੇ 6.50 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਿੰਨ ਦਿਨ ਤੱਕ ਆਰ.ਬੀ.ਆਈ ਦੀ ਐੱਮ.ਪੀ.ਸੀ ਦੀ ਅਹਿਮ ਮੀਟਿੰਗ ਚੱਲੀ। ਇਸ ਤੋਂ ਬਾਅਦ ਸ਼ਕਤੀਕਾਂਤ ਦਾਸ ਨੇ ਮੀਟਿੰਗ ਦੀ ਜਾਣਕਾਰੀ ਅਤੇ ਇਸ ਦੌਰਾਨ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਲਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ।
ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
RBI ਦੇ ਫ਼ੈਸਲੇ ਨਾਲ ਵਧੇਗੀ ਹੋਮ ਲੋਨ ਦੀ EMI
ਕੇਂਦਰੀ ਬੈਂਕ ਦੇ ਇਸ ਫ਼ੈਸਲੇ ਨਾਲ ਹੋਮ ਲੋਨ ਦੀ ਈ.ਐੱਮ.ਆਈ 'ਚ ਵਾਧਾ ਹੋ ਜਾਵੇਗਾ। ਦੱਸ ਦੇਈਏ ਕਿ ਮਈ 2022 ਤੋਂ ਰੈਪੋ 4% ਸੀ ਜੋ ਹੁਣ ਵਧ ਕੇ 6.5% ਹੋ ਗਿਆ ਹੈ। ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਗਲੋਬਲ ਹਾਲਤਾਂ ਕਾਰਨ ਦੁਨੀਆ ਭਰ ਦੇ ਬੈਂਕਾਂ ਨੂੰ ਵਿਆਜ ਦਰਾਂ ਵਧਾਉਣ ਦਾ ਫ਼ੈਸਲਾ ਲੈਣਾ ਪਿਆ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਇਹ ਸਖ਼ਤ ਫ਼ੈਸਲੇ ਜ਼ਰੂਰੀ ਸਨ।
ਗਲੋਬਲ ਆਰਥਿਕ ਸਥਿਤੀ ਹੁਣ ਪਹਿਲਾਂ ਦੀ ਤਰ੍ਹਾਂ ਗੰਭੀਰ ਨਹੀਂ
ਆਰ.ਬੀ.ਆਈ ਗਵਰਨਰ ਨੇ ਕਿਹਾ ਕਿ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਕੁਝ ਮਹੀਨੇ ਪਹਿਲਾਂ ਜਿੰਨਾ ਗੰਭੀਰ ਨਹੀਂ ਹੈ, ਪ੍ਰਮੁੱਖ ਅਰਥਚਾਰਿਆਂ 'ਚ ਵਿਕਾਸ ਦੀਆਂ ਸੰਭਾਵਨਾਵਾਂ 'ਚ ਸੁਧਾਰ ਹੋਣ ਦੇ ਨਾਲ, ਮਹਿੰਗਾਈ 'ਚ ਗਿਰਾਵਟ ਆਈ ਹੈ। ਹਾਲਾਂਕਿ, ਪ੍ਰਮੁੱਖ ਮੁਦਰਾ ਸਫੀਤੀ ਅਜੇ ਵੀ ਮੁੱਖ ਅਰਥਵਿਵਸਥਾਵਾਂ 'ਚ ਟੀਚੇ ਤੋਂ ਉੱਪਰ ਬਣੀ ਹੋਈ ਹੈ।
ਪ੍ਰਮੁੱਖ ਗੱਲਾਂ:
-ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਸਲ ਨੀਤੀਗਤ ਦਰ ਸਕਾਰਾਤਮਕ ਦਾਇਰੇ 'ਚ ਹੈ ਅਤੇ ਮਹਿੰਗਾਈ 'ਚ ਨਰਮੀ ਦੇ ਸੰਕੇਤ ਦਿਖ ਰਹੇ ਹਨ। ਇਹ ਨਰਮ ਹੋ ਰਹੀ ਹੈ।
-ਇਸ ਦੇ ਨਾਲ ਹੀ ਕਾਰੋਬਾਰੀ ਸਾਲ 2024 ਲਈ ਸੀ.ਪੀ.ਆਈ ਮਹਿੰਗਾਈ ਦਾ ਅਨੁਮਾਨ 5.3 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਪਹਿਲੀ ਤਿਮਾਹੀ 'ਚ ਇਹ 5 ਫ਼ੀਸਦੀ, ਦੂਜੀ ਤਿਮਾਹੀ 'ਚ 5.4 ਫ਼ੀਸਦੀ, ਤੀਜੀ ਤਿਮਾਹੀ 'ਚ 5.4 ਫ਼ੀਸਦੀ ਅਤੇ ਚੌਥੀ ਤਿਮਾਹੀ 'ਚ 5.6 ਫ਼ੀਸਦੀ ਹੋ ਸਕਦਾ ਹੈ।
-ਕਾਰੋਬਾਰ ਸਾਲ 2023 ਲਈ ਸੀ.ਪੀ.ਆਈ ਮਹਿੰਗਾਈ ਦਰ 6.5 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਚੌਥੀ ਤਿਮਾਹੀ 'ਚ ਇਹ 5.7 ਫ਼ੀਸਦੀ 'ਤੇ ਰਹਿ ਸਕਦੀ ਹੈ।
-ਮਹਿੰਗਾਈ ਕਾਰਨ ਪੂਰੀ ਦੁਨੀਆ ਦਾ ਮਾਹੌਲ ਹੀ ਬਦਲ ਗਿਆ ਹੈ। ਦਾਸ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਦੁਨੀਆ ਭਰ 'ਚ ਅਨਿਸ਼ਚਿਤਤਾ ਵਧੀ ਹੈ। ਵਿਸ਼ਵ ਆਰਥਿਕ ਸਥਿਤੀ 'ਚ ਬਹੁਤ ਸੁਧਾਰ ਹੋਇਆ ਹੈ ਪਰ ਮਹਿੰਗਾਈ ਜ਼ਿਆਦਾ ਹੈ।
-ਬਜਟ ਤੋਂ ਆਉਣ ਵਾਲੇ ਦਿਨਾਂ 'ਚ ਮੰਗ ਹੋਰ ਵਧੇਗੀ। FY23 'ਚ ਮੁਦਰਾਸਫੀਤੀ ਉਮੀਦ ਨਾਲੋਂ ਘੱਟ, ਗ੍ਰਾਮੀਣ ਭਾਰਤ ਦੀ ਮੰਗ ਨਾਲ ਵਧੀ।
-ਸ਼ਹਿਰੀ ਖੇਤਰਾਂ ਦੀ ਗੱਲ ਕਰੀਏ ਤਾਂ ਇੱਥੇ ਖਪਤ ਵਧਣ ਦੀ ਉਮੀਦ ਹੈ।
-ਇਸ ਦੇ ਨਾਲ ਹੀ ਖਪਤਕਾਰਾਂ ਦੀ ਮੰਗ ਵਧਣ ਦੀ ਉਮੀਦ ਹੈ।
-ਕੀਮਤਾਂ ਦੇ ਦਬਾਅ ਨੂੰ ਸੌਖਾ ਕਰਨ ਨਾਲ ਬਹੁਤ ਸਾਰੇ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ 'ਚ ਵਾਧੇ ਦੀ ਗਤੀ ਨੂੰ ਘਟਾਉਣ ਜਾਂ ਦਰਾਂ 'ਚ ਵਾਧੇ ਨੂੰ ਰੋਕਣ ਲਈ ਅਗਵਾਈ ਕੀਤੀ ਹੈ, ਹਾਲਾਂਕਿ, ਮੁੱਖ ਮਹਿੰਗਾਈ ਸਥਿਰ ਬਣੀ ਹੋਈ ਹੈ। ਦਾਸ ਨੇ ਕਿਹਾ ਕਿ ਭਾਰਤ 'ਚ ਮਹਿੰਗਾਈ 4 ਫ਼ੀਸਦੀ ਦੇ ਟੀਚੇ ਤੋਂ ਵੱਧ ਜਾਵੇਗੀ।
ਇਹ ਵੀ ਪੜ੍ਹੋ-ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, 57 ਹਜ਼ਾਰ ਰੁਪਏ ਤੋਂ ਪਾਰ ਪਹੁੰਚਿਆ 10 ਗ੍ਰਾਮ ਸੋਨੇ ਦਾ ਭਾਅ
-ਕਾਰੋਬਾਰੀ ਸਾਲ 2023-24 'ਚ,ਰੀਅਲ ਜੀ.ਡੀ.ਪੀ ਵਿਕਾਸ ਦਰ 6.4 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਪਹਿਲੀ ਤਿਮਾਹੀ 'ਚ 7.8 ਫ਼ੀਸਦੀ, ਦੂਜੀ ਤਿਮਾਹੀ 'ਚ 6.2 ਫ਼ੀਸਦੀ, ਤੀਜੀ ਤਿਮਾਹੀ 'ਚ 6 ਫ਼ੀਸਦੀ ਅਤੇ ਚੌਥੀ ਤਿਮਾਹੀ 'ਚ 5.8 ਫ਼ੀਸਦੀ ਰਹਿਣ ਦਾ ਅਨੁਮਾਨ ਹੈ।
-ਆਰਥਿਕ ਗਤੀਵਿਧੀ ਰੇਜੀਲੀਐਂਟ ਬਣੀ ਹੋਈ ਹੈ। ਪੇਂਡੂ ਮੰਗ 'ਚ ਲਗਾਤਾਰ ਵਾਧਾ ਜਾਰੀ ਹੈ।
-ਮਾਰਜਿਨਲ ਸਟੈਂਡਿੰਗ ਫੈਸਿਲਿਟੀ (MSF) ਦਰ ਅਤੇ ਬੈਂਕ ਦਰ ਨੂੰ ਵਧਾ ਕੇ 6.75 ਫ਼ੀਸਦੀ ਕਰ ਦਿੱਤਾ ਗਿਆ ਹੈ।
-ਦਾਸ ਨੇ ਅੱਗੇ ਕਿਹਾ ਕਿ ਐੱਸ.ਡੀ.ਐੱਫ ਦਰ ਹੁਣ 6.25 ਫ਼ੀਸਦੀ ਹੋ ਗਈ ਹੈ।
-ਰਿਵਰਸ ਰੈਪੋ ਰੇਟ 3.35 ਫ਼ੀਸਦੀ ਅਤੇ ਸੀ.ਆਰ.ਆਰ 4.50 ਫ਼ੀਸਦੀ ਹੋ ਗਈ ਹੈ।
-ਕੇਂਦਰੀ ਬੈਂਕ ਨੇ ਲੋਨ ਲੈਣ ਵਾਲੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਰੈਪੋ ਦਰ 6.25 ਫ਼ੀਸਦੀ ਤੋਂ ਵਧ ਕੇ 6.50 ਫ਼ੀਸਦੀ ਹੋ ਗਈ ਹੈ।
ਐੱਮ.ਪੀ.ਸੀ ਦੀ ਮੀਟਿੰਗ 'ਚ ਕਈ ਫ਼ੈਸਲੇ ਲਏ ਗਏ। ਆਰ.ਬੀ.ਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐੱਮ.ਪੀ.ਸੀ.ਦਾ ਉਦੇਸ਼ ਵਿਕਾਸ ਦੇ ਉਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਕੀਮਤ ਸਥਿਰਤਾ ਬਣਾਈ ਰੱਖਣਾ ਹੈ।
ਆਰ.ਬੀ.ਆਈ. ਨੇ 6 ਵਾਰ 'ਚ 2.50 ਫ਼ੀਸਦੀ ਦਾ ਵਾਧਾ ਕੀਤਾ
ਆਰ.ਬੀ.ਆਈ ਨੇ ਇਸ ਤੋਂ ਪਹਿਲਾਂ ਦਸੰਬਰ 'ਚ ਹੋਈ ਮੀਟਿੰਗ 'ਚ ਵਿਆਜ ਦਰਾਂ ਨੂੰ 5.90 ਫ਼ੀਸਦੀ ਤੋਂ ਵਧਾ ਕੇ 6.25 ਫ਼ੀਸਦੀ ਕੀਤੀ ਗਈ ਹੈ। ਆਰ.ਬੀ.ਆਈ ਨੇ 6 ਵਾਰ 'ਚ 2.50 ਫ਼ੀਸਦੀ ਦਾ ਵਾਧਾ ਕੀਤਾ ਹੈ।
ਮਾਨੇਟਰੀ ਪਾਲਿਸੀ ਦੀ ਮੀਟਿੰਗ ਹਰ ਦੋ ਮਹੀਨੇ 'ਚ ਹੁੰਦੀ ਹੈ। ਇਸ ਵਿੱਤੀ ਸਾਲ ਦੀ ਪਹਿਲੀ ਮੀਟਿੰਗ ਅਪ੍ਰੈਲ 'ਚ ਹੋਈ ਸੀ। ਉਦੋਂ ਆਰ.ਬੀ.ਆਈ. ਨੇ ਰੈਪੋ ਰੇਟ ਨੂੰ 4 ਫ਼ੀਸਦੀ 'ਤੇ ਸਥਿਰ ਰੱਖਿਆ ਸੀ ਪਰ ਆਰ.ਬੀ.ਆਈ. ਨੇ ਦੋ ਅਤੇ ਤਿੰਨ ਮਈ ਨੂੰ ਐਮਰਜੈਂਸੀ ਮੀਟਿੰਗ ਬੁਲਾ ਕੇ ਰੈਪੋ ਰੇਟ ਨੂੰ 0.40 ਫ਼ੀਸਦੀ ਤੋਂ ਵਧਾ ਕੇ 4.40 ਫ਼ੀਸਦੀ ਕਰ ਦਿੱਤਾ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।