RBI ਦੀ ਪਾਲਿਸੀ ਬੈਠਕ ਅੱਜ ਤੋਂ, ਮਿਲ ਸਕਦੀ ਹੈ ਇਹ ਵੱਡੀ ਸੌਗਾਤ
Monday, Aug 05, 2019 - 03:54 PM (IST)

ਮੁੰਬਈ— ਜਲਦ ਹੀ ਹੋਮ ਲੋਨ, ਕਾਰ ਲੋਨ ਤੇ ਬਿਜ਼ਨੈੱਸ ਲੋਨ ਸਸਤੇ ਹੋ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਨੀਤੀਗਤ ਬੈਠਕ 5 ਅਗਸਤ ਯਾਨੀ ਅੱਜ ਤੋਂ ਮੁੰਬਈ 'ਚ ਸ਼ੁਰੂ ਹੋਵੇਗੀ, ਜੋ ਤਿੰਨ ਦਿਨ ਤਕ ਚੱਲੇਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ 'ਚ ਹੋਣ ਵਾਲੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ 'ਚ ਇਕ ਵਾਰ ਫਿਰ ਨੀਤੀਗਤ ਦਰਾਂ 'ਚ ਕਟੌਤੀ ਦਾ ਫੈਸਲਾ ਹੋ ਸਕਦਾ ਹੈ, ਜਿਸ ਨਾਲ ਬੈਂਕਿੰਗ ਲੋਨ ਸਸਤੇ ਹੋਣ ਦਾ ਰਸਤਾ ਖੁੱਲ੍ਹ ਸਕਦਾ ਹੈ।
ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਆਰ. ਬੀ. ਆਈ. ਇਸ ਵਾਰ ਵੀ ਕਟੌਤੀ ਕਰਦਾ ਹੈ ਤਾਂ ਉਹ ਇਹ ਪੂਰੀ ਕੋਸ਼ਿਸ਼ ਕਰੇਗਾ ਬੈਂਕ ਇਸ ਦਾ ਫਾਇਦਾ ਗਾਹਕਾਂ ਨੂੰ ਜਲਦ ਤੋਂ ਜਲਦ ਪਹੁੰਚਾਉਣ ਕਿਉਂਕਿ ਹੁਣ ਤਕ ਰਿਜ਼ਰਵ ਬੈਂਕ ਤਿੰਨ ਵਾਰ ਰੇਪੋ ਦਰ 'ਚ ਕਮੀ ਕਰ ਚੁੱਕਾ ਹੈ ਪਰ ਬੈਂਕਾਂ ਨੇ ਇਸ ਦਾ ਪੂਰਾ ਫਾਇਦਾ ਨਹੀਂ ਦਿੱਤਾ। ਫਰਵਰੀ, ਅਪ੍ਰੈਲ ਤੇ ਜੂਨ 'ਚ ਲਗਾਤਾਰ ਤਿੰਨ ਵਾਰ ਕਟੌਤੀ ਮਗਰੋਂ ਇਸ ਸਮੇਂ ਰੇਪੋ ਰੇਟ 5.75 ਫੀਸਦੀ ਹੈ। ਹਾਲਾਂਕਿ ਹੁਣ ਤਕ ਹੋਮ ਲੋਨ ਜਾਂ ਹੋਰ ਕਰਜ਼ਿਆਂ ਦੀਆਂ ਦਰਾਂ 'ਚ ਮੁਸ਼ਕਲ ਨਾਲ ਬੈਂਕਾਂ ਨੇ 0.20 ਫ਼ੀਸਦੀ ਦੀ ਕਟੌਤੀ ਹੀ ਕੀਤੀ ਹੈ, ਜਦੋਂ ਕਿ ਰੇਪੋ ਰੇਟ 'ਚ ਕੁਲ 0.75 ਫੀਸਦੀ ਦੀ ਕਮੀ ਹੋਈ ਸੀ।
ਉੱਥੇ ਹੀ, ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਰ. ਬੀ. ਆਈ. ਇਸ ਵਾਰ ਵੀ ਨੀਤੀਗਤ ਦਰਾਂ 'ਚ 0.25 ਫੀਸਦੀ ਦੀ ਕਮੀ ਕਰ ਸਕਦਾ ਹੈ। ਪਿਛਲੇ ਪੰਦਰਵਾੜੇ 'ਚ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ ਨੂੰ ਘਟਾ ਕੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਹ ਆਉਣ ਵਾਲੇ ਦਿਨਾਂ 'ਚ ਕਰਜ਼ੇ ਦੀਆਂ ਦਰਾਂ 'ਚ ਕਟੌਤੀ ਦੀ ਤਿਆਰੀ 'ਚ ਹਨ ਅਤੇ ਉਨ੍ਹਾਂ ਨੂੰ ਬਸ ਬੁੱਧਵਾਰ ਦਾ ਇੰਤਜ਼ਾਰ ਹੈ, ਜਦੋਂ ਕਰੰਸੀ ਨੀਤੀ ਦੀ ਸਮੀਖਿਆ ਦਾ ਐਲਾਨ ਹੋਵੇਗਾ।