ਰਤਨ ਟਾਟਾ ਦੇ ਦਿਹਾਂਤ ਨਾਲ ਉਦਯੋਗ ਜਗਤ ’ਚ ਸੋਗ ਦੀ ਲਹਿਰ

Friday, Oct 11, 2024 - 11:06 AM (IST)

ਰਤਨ ਟਾਟਾ ਦੇ ਦਿਹਾਂਤ ਨਾਲ ਉਦਯੋਗ ਜਗਤ ’ਚ ਸੋਗ ਦੀ ਲਹਿਰ

ਨਵੀਂ ਦਿੱਲੀ (ਭਾਸ਼ਾ) – ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਨਾਲ ਉਦਯੋਗ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਭਾਰਤੀ ਉਦਯੋਗਪਤੀਆਂ ਨੇ ਉਨ੍ਹਾਂ ਦੇ ਦਿਹਾਂਤ ਨੂੰ ਟਾਟਾ ਗਰੁੱਪ ਤੋਂ ਪਰ੍ਹੇ ਸਾਰੇ ਭਾਰਤੀਆਂ ਲਈ ਵੱਡਾ ਨੁਕਸਾਨ ਦੱਸਿਆ ਹੈ। ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੇ ਬੁੱਧਵਾਰ ਰਾਤ ਲੱਗਭਗ ਸਾਢੇ 11 ਵਜੇ ਮੁੰਬਈ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ। ਉਹ 86 ਸਾਲ ਦੇ ਸਨ।

ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਵੀ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਰਤਨ ਟਾਟਾ ਨੇ ਦੇਸ਼ ਦੇ ਉਦਯੋਗਿਕ ਤੇ ਪਰਉਪਕਾਰੀ ਮਾਹੌਲ ਨੂੰ ਆਕਾਰ ਦਿੱਤਾ। ਟਾਟਾ ਸੰਜ਼ ’ਚ ਉਨ੍ਹਾਂ ਦੀ ਲੀਡਰਸ਼ਿਪ ਨੇ ਕਾਰਪੋਰੇਟ ਜ਼ਿੰਮੇਵਾਰੀ ਤੇ ਨਵੀਨੀਕਰਨ ਨੂੰ ਮੁੜ ਪਰਿਭਾਸ਼ਤ ਕੀਤਾ ਅਤੇ ਟਾਟਾ ਗਰੁੱਪ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਨਾਲ ਇਕ ਵੈਸ਼ਵਿਕ ਸ਼ਕਤੀ ਵਜੋਂ ਸਥਾਪਤ ਕੀਤਾ।

ਨਿੱਜੀ ਤੌਰ ’ਤੇ ਰਤਨ ਟਾਟਾ ਦੇ ਦਿਹਾਂਤ ਨਾਲ ਮੈਨੂੰ ਬਹੁਤ ਦੁੱਖ ਪਹੁੰਚਿਆ ਹੈ। ਮੈਂ ਇਕ ਪਿਆਰੇ ਦੋਸਤ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨਾਲ ਮੇਰੀ ਹਰੇਕ ਮੁਲਾਕਾਤ ਨੇ ਮੈਨੂੰ ਪ੍ਰੇਰਿਤ ਕੀਤਾ ਹੈ। ਰਤਨ ਟਾਟਾ ਤੁਸੀਂ ਹਮੇਸ਼ਾ ਮੇਰੇ ਦਿਲ ਵਿਚ ਰਹੋਗੇ।’’ -ਮੁਕੇਸ਼ ਅੰਬਾਨੀ

ਰਤਨ ਟਾਟਾ ਦੇ ਦਿਹਾਂਤ ਨਾਲ ਭਾਰਤ ਤੇ ਭਾਰਤੀ ਉਦਯੋਗ ਜਗਤ ਨੇ ਇਕ ਦੂਰਦਰਸ਼ੀ ਸ਼ਖਸੀਅਤ ਨੂੰ ਗੁਆ ਦਿੱਤਾ। ਉਨ੍ਹਾਂ ਦੇ ਫੈਸਲਿਆਂ ਨੇ ਆਰਥਿਕ ਵਾਧੇ ਤੋਂ ਪਰੇ ਲੋਕਾਂ ਦੀ ਜ਼ਿੰਦਗੀ ਤੇ ਉਦਯੋਗਾਂ ਨੂੰ ਪ੍ਰਭਾਵਿਤ ਕੀਤਾ ਹੈ। -ਕੁਮਾਰ ਮੰਗਲਮ ਬਿਰਲਾ

ਰਤਨ ਟਾਟਾ ਦੇ ਦਿਹਾਂਤ ਦੀ ਖਬਰ ਤੋਂ ਬੇਹੱਦ ਦੁਖੀ ਹਾਂ। ਉਨ੍ਹਾਂ ਦਾ ਨਜ਼ਰੀਆ ਕਾਰੋਬਾਰ ਤੋਂ ਪਰੇ ਸੀ, ਜਿਸ ਨੇ ਇਕ ਪੀੜ੍ਹੀ ਨੂੰ ਮਨੋਰਥ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। -ਅਨੀਸ਼ ਸ਼ਾਹ, ਮਹਿੰਦਰਾ ਗਰੁੱਪ ਦੇ ਸੀ. ਈ. ਓ.

ਟਾਟਾ ਅਸਲ ’ਚ ਬਿਹਤਰੀਨ ਕਾਰੋਬਾਰੀ ਸਨ, ਜਿਨ੍ਹਾਂ ਨੇ ਦੇਸ਼ ਨੂੰ ਕਾਰੋਬਾਰੀ ਹਿੱਤਾਂ ਤੋਂ ਉੱਪਰ ਰੱਖਿਆ। ਉਨ੍ਹਾਂ ਦਾ ਨਜ਼ਰੀਆ ਅਸਲ ’ਚ ਦੇਸ਼ ਅਤੇ ਉਸ ਦੇ ਲੋਕਾਂ ਲਈ ਬਦਲਾਅਕਾਰੀ ਸਾਬਤ ਹੋਇਆ। -ਵੇਣੂ ਸ਼੍ਰੀਨਿਵਾਸਨ, ਟੀ. ਵੀ. ਐੱਸ.


author

Harinder Kaur

Content Editor

Related News