ਰੈਨਬੈਕਸੀ ਭਰਾਵਾਂ ਦੀਆਂ ਪਤਨੀਆਂ ਨਾਲ 204 ਕਰੋੜ ਰੁਪਏ ਦੀ ਠੱਗੀ, ਪਤਨੀਆਂ ਨੇ ਦਰਜ ਕਰਵਾਈ ਸ਼ਿਕਾਇਤ

Tuesday, Aug 31, 2021 - 05:27 PM (IST)

ਨਵੀਂ ਦਿੱਲੀ (ਇੰਟ.) – ਰੈਨਬੈਕਸੀ ਦੇ ਸਾਬਕਾ ਪ੍ਰਮੋਟਰਜ਼ ਮਲਵਿੰਦਰ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਜ਼ਮਾਨਤ ਦਿਵਾਉਣ ਅਤੇ ਜੇਲ ’ਚ ਸੁਰੱਖਿਆ ਦੇ ਨਾਂ ’ਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਦਲਾਲ ਨੇ ਇਨ੍ਹਾਂ ਤੋਂ ਕਰੀਬ 204 ਕਰੋੜ ਰੁਪਏ ਠੱਗੇ ਹਨ। ਦੋਵੇਂ ਸਾਬਕਾ ਪ੍ਰਮੋਟਰਜ਼ ਦੀਆਂ ਪਤਨੀਆਂ ਨੇ ਖੁਦ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ’ਚ ਸ਼ਿਵੇਂਦਰ ਦੀ ਪਤਨੀ ਅਦਿਤੀ ਸਿੰਘ ਨੇ ਪਹਿਲਾਂ ਅਜਿਹੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਮਲਵਿੰਦਰ ਦੀ ਪਤਨੀ ਜਪਨਾ ਸਿੰਘ ਨੇ ਵੀ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ ਹੈ। ਇਹ ਕੇਸ ਦਿੱਲੀ ਪੁਲਸ ਦੀ ਆਰਥਿਕ ਕ੍ਰਾਈਮ ਬ੍ਰਾਂਚ ਨੇ ਰੋਹਿਣੀ ਜੇਲ ’ਚ ਬੰਦ ਸੁਕੇਸ਼ ਚੰਦਰਸ਼ੇਖਰ ਸਿੰਘ ਖਿਲਾਫ ਧੋਖਾਦੇਹੀ, ਰਿਸ਼ਵਤ ਅਤੇ ਅਪਰਾਧਿਕ ਸਾਜ਼ਿਸ਼ ਤਹਿਤ ਦਰਜ ਕੀਤਾ ਹੈ।

ਮਲਵਿੰਦਰ ਦੀ ਪਤਨੀ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਜ਼ਮਾਨਤ ਦੇ ਨਾਂ ’ਤੇ ਉਸ ਤੋਂ ਕਰੀਬ 4 ਕਰੋੜ ਰੁਪਏ ਠੱਗੇ ਹਨ। ਇਸ ਤੋਂ ਪਹਿਲਾਂ ਸ਼ਿਵੇਂਦਰ ਦੀ ਪਤਨੀ ਨੇ ਜ਼ਮਾਨਤ ਦੇ ਨਾਂ ’ਤੇ 200 ਕਰੋੜ ਰੁਪਏ ਠੱਗਣ ਦਾ ਦੋਸ਼ ਲਗਾਇਆ ਸੀ।

ਸੁਕੇਸ਼ ਦੇ ਗੁਰਗੇ ਸ਼ਿਵੇਂਦਰ ਦੀ ਪਤਨੀ ਤੋਂ ਪੈਸੇ ਲੈਂਦੇ ਸਨ

ਪੁਲਸ ਅਧਿਕਾਰੀਆਂ ਮੁਤਾਬਕ ਦੋਸ਼ੀ ਸੁਕੇਸ਼ ਨੇ ਖੁਦ ਨੂੰ ਸੀਨੀਅਰ ਬਿਊਰੋਕ੍ਰੇਟ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਦੇ ਖਿਲਾਫ ਦਰਜ ਧੋਖਾਦੇਹੀ ਦੇ ਕੇਸ ਨੂੰ ਖਤਮ ਕਰਵਾ ਦੇਵੇਗਾ। ਇਸ ਤਰ੍ਹਾਂ ਦਾ ਝਾਂਸਾ ਦੇ ਕੇ ਉਹ ਉਨ੍ਹਾਂ ਤੋਂ ਪੈਸੇ ਠੱਗਦਾ ਰਿਹਾ। ਸੁਕੇਸ਼ ਦੇ 2 ਗੁਰਗੇ ਜੇਲ ਤੋਂ ਬਾਹਰ ਸ਼ਿਵੇਂਦਰ ਦੀ ਪਤਨੀ ਤੋਂ ਪੈਸੇ ਲੈਂਦੇ ਸਨ। ਪਤਨੀ ਨੂੰ ਜਦੋਂ ਲੱਗਾ ਕਿ ਉਹ ਪੈਸੇ ਤਾਂ ਲੈ ਰਿਹਾ ਹੈ ਪਰ ਕੰਮ ਨਹੀਂ ਕਰਵਾ ਰਿਹਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਸਪੈਸ਼ਲ ਸੈੱਲ ਨੂੰ ਕੀਤੀ।


Harinder Kaur

Content Editor

Related News