ਹੁਣ ਸੰਘਣੀ ਧੁੰਦ ''ਚ ਵੀ 100 ਦੀ ਸਪੀਡ ''ਤੇ ਦੌੜ ਸਕੇਗੀ ਟਰੇਨ
Sunday, Dec 24, 2017 - 12:17 PM (IST)

ਨਵੀਂ ਦਿੱਲੀ— ਰੇਲਵੇ ਨੂੰ ਕੋਹਰੇ ਵਰਗੇ ਹਾਲਾਤ 'ਚ ਵੀ ਟਰੇਨ ਨੂੰ 100 ਕਿਲੋਮੀਟਰ ਤਕ ਦੀ ਸਪੀਡ 'ਤੇ ਚਲਾਉਣ ਦਾ ਇਲਾਜ ਮਿਲ ਗਿਆ ਹੈ। ਪਹਿਲੀ ਵਾਰ ਰੇਲਵੇ ਇਕ ਅਜਿਹੇ ਉਪਕਰਣ ਨੂੰ ਪੇਸ਼ ਕਰਨ ਲਈ ਤਿਆਰ ਹੈ ਜੋ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਟਰੇਨਾਂ ਨੂੰ ਸੰਘਣੀ ਧੁੰਦ 'ਚ ਚਲਾਉਣ 'ਚ ਮਦਦ ਕਰੇਗਾ। ਤ੍ਰੀਨੇਤਰ (ਤੀਜੀ ਅੱਖ) ਨਾਮ ਦੇ ਇਸ ਉਪਕਰਣ ਦਾ ਪ੍ਰੀਖਣ ਪੂਰਾ ਹੋ ਚੁੱਕਾ ਹੈ ਅਤੇ ਅਥਾਰਟੀਜ਼ ਨੂੰ ਯਾਤਰੀ ਟਰੇਨਾਂ 'ਚ ਇਸ ਉਪਕਰਣ ਨੂੰ ਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਉਪਕਰਣ 2 ਕਿਲੋਮੀਟਰ ਦੀ ਦੂਰੀ ਤਕ ਪਟੜੀ 'ਤੇ ਕਿਸੇ ਵੀ ਵਸਤੂ ਜਾਂ ਚੀਜ਼ ਦਾ ਪਤਾ ਲਾਉਣ ਲਈ ਇਨਫਰਾ-ਰੈੱਡ ਅਤੇ ਲੇਜ਼ਰ ਕਿਰਣਾਂ ਦਾ ਇਸਤੇਮਾਲ ਕਰਦਾ ਹੈ ਅਤੇ ਇਸ ਦੀ ਜਾਣਕਾਰੀ ਟਰੇਨ 'ਚ ਲੱਗੀ ਸਕ੍ਰੀਨ 'ਤੇ ਦਿੰਦਾ ਹੈ, ਯਾਨੀ ਜੇਕਰ ਪਟੜੀ 'ਤੇ ਕੋਈ ਚੀਜ਼ ਮੌਜੂਦ ਹੈ ਤਾਂ ਇਹ ਡਰਾਈਵਰ ਨੂੰ 500 ਮੀਟਰ ਪਹਿਲਾਂ ਹੀ ਅਲਰਟ ਕਰ ਦੇਵੇਗਾ। ਇੰਨਾ ਹੀ ਨਹੀਂ ਇਹ ਉਪਕਰਣ ਪਟੜੀ 'ਚ ਛੋਟੀ ਜਿਹੀ ਦਰਾੜ ਦਾ ਵੀ ਪਤਾ ਲਗਾ ਸਕਦਾ ਹੈ, ਜਿਸ ਨਾਲ ਰੇਲ ਹਾਦਸਾ ਟਲ ਸਕਦਾ ਹੈ। ਤ੍ਰੀਨੇਤਰ ਰੇਲਵੇ ਦੇ ਮੈਕੇਨੀਕਲ ਵਿੰਗ ਵੱਲੋਂ ਤਿਆਰ ਕੀਤਾ ਗਿਆ ਹੈ।
ਰੇਲਵੇ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਇਸ ਦੀ ਸਹਾਇਤਾ ਨਾਲ ਟਰੇਨ ਦੁਰਘਟਨਾਵਾਂ ਅਤੇ ਖਰਾਬ ਮੌਸਮ 'ਚ ਟਰੇਨਾਂ ਲੇਟ ਹੋਣ 'ਚ ਕਮੀ ਆਵੇਗੀ। ਮੰਤਰਾਲੇ ਨੇ ਪਿਛਲੇ ਸਾਲ ਇਸ ਉਪਕਰਣ ਦਾ ਪ੍ਰੀਖਣ ਸ਼ੁਰੂ ਕੀਤਾ ਸੀ। ਤ੍ਰੀਨੇਤਰ ਦਾ ਲਗਭਗ 100 ਮੇਲ ਅਤੇ ਐਕਸਪ੍ਰੈਸ ਟਰੇਨਾਂ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ, ਜਿਨ੍ਹਾਂ 'ਚ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ ਵੀ ਸ਼ਾਮਲ ਹੈ। ਅਧਿਕਾਰਤ ਸੂਤਰਾਂ ਮੁਤਾਬਕ, ਇਹ ਨਵਾਂ ਉਪਕਰਣ ਰਾਤਾਂ ਅਤੇ ਧੁੰਦਲੇ ਹਾਲਾਤ 'ਚ ਵਧੇਰੇ ਲਾਭਦਾਇਕ ਸਾਬਤ ਹੋਵੇਗਾ। ਰੇਲਵੇ ਇਹ ਉਪਕਰਣ ਲਾਉਣ ਲਈ ਜਨਵਰੀ 'ਚ ਟੈਂਡਰ ਜਾਰੀ ਕਰੇਗਾ। ਯੋਜਨਾ ਮੁਤਾਬਕ, ਪਹਿਲੇ ਪੜਾਅ 'ਚ 4,000 ਟਰੇਨਾਂ 'ਚ ਇਹ ਉਪਕਰਣ ਲਾਏ ਜਾਣਗੇ। ਰੇਲਵੇ ਦੀ ਯੋਜਨਾ ਅਗਲੇ ਸਰਦੀ ਮੌਸਮ ਤੋਂ ਪਹਿਲਾਂ ਇਨ੍ਹਾਂ ਟਰੇਨਾਂ 'ਚ ਉਪਕਰਣ ਲਾਉਣ ਦਾ ਕੰਮ ਪੂਰਾ ਕਰਨ ਦੀ ਹੈ। ਪਹਿਲੇ ਪੜਾਅ 'ਚ ਉੱਤਰੀ ਰੇਲਵੇ ਜ਼ੋਨ ਨੂੰ ਤਰਜੀਹ ਦਿੱਤੀ ਜਾਵੇਗੀ।