ਰੇਲਵੇ ਦੇ AC ਕੋਚ ਦਾ ਸਫਰ ਹੋ ਸਕਦੈ ਸਸਤਾ, ਇੱਥੇ ਘਟੇ ਕਿਰਾਏ

Sunday, Aug 12, 2018 - 03:29 PM (IST)

ਰੇਲਵੇ ਦੇ AC ਕੋਚ ਦਾ ਸਫਰ ਹੋ ਸਕਦੈ ਸਸਤਾ, ਇੱਥੇ ਘਟੇ ਕਿਰਾਏ

ਨਵੀਂ ਦਿੱਲੀ— ਰੇਲਵੇ ਜਲਦ ਹੀ ਏ. ਸੀ. ਕੋਚ ਦੇ ਕਿਰਾਏ ਘਟਾਉਣ 'ਤੇ ਵਿਚਾਰ ਕਰ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਦੱਖਣੀ-ਪੱਛਮੀ ਰੇਲਵੇ (ਐੱਸ. ਡਬਲਿਊ. ਆਰ.) ਨੇ ਏ. ਸੀ. ਕੋਚ ਅਤੇ ਚੇਅਰ ਕਾਰਸ 'ਚ ਵੱਧ ਤੋਂ ਵੱਧ ਮੁਸਾਫਰਾਂ ਨੂੰ ਆਕਰਸ਼ਤ ਕਰਨ ਲਈ 5 ਐਕਸਪ੍ਰੈੱਸ ਟਰੇਨਾਂ ਦੇ ਕਿਰਾਏ ਘਟਾ ਦਿੱਤੇ ਹਨ। ਇਸ ਦਾ ਫਾਇਦਾ ਕਰਨਾਟਕ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਮਿਲੇਗਾ। ਐੱਸ. ਡਬਲਿਊ. ਆਰ. ਨੇ ਸ਼ਨੀਵਾਰ ਕਰਨਾਟਕ 'ਚ ਬੇਂਗਲੁਰੂ, ਗਡਗ ਅਤੇ ਮੈਸੂਰ ਤੋਂ ਚੱਲਣ ਵਾਲੀਆਂ ਟਰੇਨਾਂ ਦੇ ਕਿਰਾਏ 'ਚ ਕਟੌਤੀ ਕੀਤੀ ਹੈ।

ਦੱਖਣੀ-ਪੱਛਮੀ ਰੇਲਵੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਮੈਸੂਰ ਅਤੇ ਚੇਨਈ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ 'ਚ ਏ. ਸੀ. ਚੇਅਰ ਕਾਰ ਦਾ ਕਿਰਾਇਆ ਘਟ ਕਰਕੇ ਸਾਨੂੰ ਬੱਸ ਅਤੇ ਫਲਾਈਟ ਦੇ ਮੁਕਾਬਲੇ ਜ਼ਿਆਦਾ ਮੁਸਾਫਰ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਤਾਬਦੀ 'ਚ ਮਿਲੇ ਰਿਸਪਾਂਸ ਨੂੰ ਦੇਖਦੇ ਹੋਏ ਜ਼ੋਨਲ ਰੇਲਵੇ ਨੇ ਯਸ਼ਵੰਤਪੁਰ-ਹੁਬਲੀ ਵੀਕਲੀ ਐਕਸਪ੍ਰੈੱਸ 'ਚ ਏ. ਸੀ. ਦਾ ਕਿਰਾਇਆ 735 ਰੁਪਏ ਤੋਂ ਘਟਾ ਕੇ 590 ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਗਡਗ-ਮੁੰਬਈ ਐਕਸਪ੍ਰੈੱਸ ਦਾ ਏ. ਸੀ. ਕਿਰਾਇਆ ਘਟਾ ਕੇ 495 ਤੋਂ ਘਟਾ ਕੇ 435 ਰੁਪਏ ਕਰ ਦਿੱਤਾ ਹੈ। ਮੈਸੂਰ ਅਤੇ ਬੇਂਗਲੁਰੂ ਵਿਚਕਾਰ ਚੱਲਣ ਵਾਲੀ ਮੈਸੂਰ-ਸ਼ਿਰਡੀ ਵੀਕਲੀ ਐਕਸਪ੍ਰੈੱਸ ਦੇ ਏ. ਸੀ. ਕੋਚ ਦੇ ਕਿਰਾਏ ਨੂੰ 495 ਤੋਂ ਘਟ ਕਰਕੇ 260 ਕਰ ਦਿੱਤਾ ਗਿਆ ਹੈ, ਜੋ 3 ਦਸੰਬਰ ਤੋਂ ਲਾਗੂ ਹੋਵੇਗਾ। ਇਸੇ ਤਰ੍ਹਾਂ ਦੋ ਹੋਰ ਐਕਸਪ੍ਰੈੱਸ ਟਰੇਨਾਂ 'ਚ ਏ. ਸੀ. ਕੋਚ ਦੇ ਕਿਰਾਇਆਂ 'ਚ ਕਟੌਤੀ ਕੀਤੀ ਗਈ ਹੈ। ਰੇਲਵੇ ਬੋਰਡ ਨੇ ਹੋਰ ਜ਼ੋਨਲ ਰੇਲਵੇਜ਼ ਨੂੰ ਵੀ ਐੱਸ. ਡਬਲਿਊ. ਆਰ. ਦੀ ਡਾਇਨੈਮਿਕ ਫੇਅਰ ਫਿਕਸਿੰਗ ਪ੍ਰਣਾਲੀ ਅਪਣਾਉਣ ਨੂੰ ਕਿਹਾ ਹੈ, ਤਾਂ ਕਿ ਵੱਧ ਤੋਂ ਵੱਧ ਯਾਤਰੀ ਟਰੇਨਾਂ 'ਚ ਸਫਰ ਕਰ ਸਕਣ।


Related News