ਰਾਜਧਾਨੀ, ਸ਼ਤਾਬਦੀ ਦੇ ਮੁਸਾਫਰਾਂ ਨੂੰ ਮਿਲੇਗਾ ਤੋਹਫਾ, ਸਸਤੀ ਹੋ ਸਕਦੀ ਹੈ ਟਿਕਟ

Sunday, Oct 28, 2018 - 10:53 AM (IST)

ਰਾਜਧਾਨੀ, ਸ਼ਤਾਬਦੀ ਦੇ ਮੁਸਾਫਰਾਂ ਨੂੰ ਮਿਲੇਗਾ ਤੋਹਫਾ, ਸਸਤੀ ਹੋ ਸਕਦੀ ਹੈ ਟਿਕਟ

ਨਵੀਂ ਦਿੱਲੀ— ਰਾਜਧਾਨੀ ਜਾਂ ਸ਼ਤਾਬਦੀ ਟਰੇਨਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਰੇਲਵੇ ਦੀਵਾਲੀ ਅਤੇ ਛੱਠ ਵਰਗੇ ਤਿਉਹਾਰਾਂ 'ਤੇ ਯਾਤਰੀਆਂ ਦੀਆਂ ਸਹੂਲਤਾਂ ਵਧਾਉਣ ਲਈ 142 ਟਰੇਨਾਂ 'ਚ ਫਲੈਕਸੀ ਕਿਰਾਇਆ ਸਕੀਮ ਖਤਮ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਹਫਤੇ ਇਹ ਫੈਸਲਾ ਲਿਆ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ ਫਲੈਕਸੀ ਕਿਰਾਏ ਵਾਲੀਆਂ ਟਰੇਨਾਂ 'ਚ ਹਮਸਫਰ ਟਰੇਨਾਂ ਦਾ ਕਿਰਾਇਆ ਮਾਡਲ ਲਾਗੂ ਕੀਤਾ ਜਾ ਸਕਦਾ ਹੈ। ਫਲੈਕਸੀ ਕਿਰਾਏ ਅਤੇ ਹਮਸਫਰ ਟਰੇਨਾਂ ਦੇ ਕਿਰਾਏ ਮਾਡਲ 'ਚ ਕਾਫੀ ਫਰਕ ਹੈ। ਇਨ੍ਹਾਂ ਟਰੇਨਾਂ 'ਚ ਫਲੈਕਸੀ ਕਿਰਾਏ ਨੂੰ ਖਤਮ ਕਰਨ ਦੇ ਬਾਅਦ ਰੇਲਵੇ ਅੰਤਿਮ ਸਮੇਂ 'ਚ ਟਿਕਟ ਬੁੱਕ ਕਰਾਉਣ ਵਾਲਿਆਂ ਨੂੰ 50 ਫੀਸਦੀ ਡਿਸਕਾਊਂਟ ਦੇਣ ਦਾ ਆਫਰ ਦੇ ਸਕਦਾ ਹੈ।

ਇਹ ਡਿਸਕਾਊਂਟ ਆਈ. ਆਰ. ਸੀ. ਟੀ. ਸੀ. ਅਤੇ ਰਿਜ਼ਰਵੇਸ਼ਨ ਕਾਊਂਟਰ ਤੋਂ ਟਿਕਟ ਬੁੱਕ ਕਰਨ 'ਤੇ ਮਿਲ ਸਕਦਾ ਹੈ। ਯਾਤਰਾ ਤੋਂ ਚਾਰ ਦਿਨ ਪਹਿਲਾਂ ਤਕ ਸੀਟਾਂ ਖਾਲੀ ਰਹਿਣ 'ਤੇ 102 ਟਰੇਨਾਂ 'ਚ ਡਿਸਕਾਊਂਟ ਵਾਲੀ ਸਕੀਮ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਜਿਨ੍ਹਾਂ ਟਰੇਨਾਂ 'ਚ 60 ਫੀਸਦੀ ਤੋਂ ਘੱਟ ਬੁਕਿੰਗ ਹੁੰਦੀ ਹੈ ਉਨ੍ਹਾਂ ਦੇ ਗ੍ਰੇਡ ਤੈਅ ਕਰਕੇ ਡਿਸਕਾਊਂਟ ਦਿੱਤਾ ਜਾ ਸਕਦਾ ਹੈ, ਜਿਸ ਤਹਿਤ ਟਿਕਟ 'ਤੇ 20 ਫੀਸਦੀ ਤਕ ਡਿਸਕਾਊਂਟ ਮਿਲ ਸਕਦਾ ਹੈ। ਮੌਜੂਦਾ ਸਮੇਂ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਟਰੇਨਾਂ 'ਚ ਫਲੈਕਸੀ ਸਿਸਟਮ ਲਾਗੂ ਹੈ। ਇਹ ਸਿਸਟਮ ਪੂਰੀ ਤਰ੍ਹਾਂ ਨਾਲ ਮੰਗ-ਸਪਲਾਈ 'ਤੇ ਨਿਰਭਰ ਹੈ। ਇਸ ਤਹਿਤ ਜਿਸ ਸਮੇਂ ਟਿਕਟ ਦੀ ਮੰਗ ਜ਼ਿਆਦਾ ਹੁੰਦੀ ਹੈ ਉਸ ਸਮੇਂ ਟਿਕਟ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ। ਅਜਿਹਾ ਜ਼ਿਆਦਾਤਰ ਤਿਉਹਾਰੀ ਸੀਜ਼ਨ 'ਚ ਹੁੰਦਾ ਹੈ। ਉੱਥੇ ਹੀ ਦੂਜੇ ਪਾਸੇ ਜਦੋਂ ਟਿਕਟ ਦੀ ਮੰਗ ਘੱਟ ਹੋ ਜਾਂਦੀ ਹੈ ਉਦੋਂ ਕੀਮਤਾਂ ਆਮ ਹੋ ਜਾਂਦੀਆਂ ਹਨ। ਹੁਣ ਤਕ ਹਵਾਈ ਜਹਾਜ਼ ਦੀਆਂ ਟਿਕਟਾਂ 'ਚ ਅਜਿਹਾ ਹੁੰਦਾ ਸੀ।


Related News