ਰੇਲਗੱਡੀ 'ਚ ਵਾਈ-ਫਾਈ ਸਰਵਿਸ ਹੋਵੇਗੀ ਬੰਦ, ਸਰਕਾਰ ਨੇ ਦੱਸੀ ਇਹ ਵਜ੍ਹਾ
Thursday, Aug 05, 2021 - 02:06 PM (IST)
ਨਵੀਂ ਦਿੱਲੀ- ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਰੇਲਗੱਡੀ ਵਿਚ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ, ਜੋ ਇਸ ਵੇਲੇ ਬੰਦ ਕੀਤੀ ਜਾ ਰਹੀ ਹੈ। ਇਸ ਦਾ ਐਲਾਨ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੰਸਦ ਵਿਚ ਕੀਤਾ। ਰੇਲਗੱਡੀਆਂ ਵਿਚ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਦੀ ਸਕੀਮ ਨੂੰ ਬੰਦ ਕਰਨ ਦਾ ਕਾਰਨ ਲਾਗਤ ਦੱਸਿਆ ਗਿਆ ਹੈ।
ਰੇਲਵੇ ਅਨੁਸਾਰ, ਇਹ ਯੋਜਨਾ ਲਾਗਤ-ਪ੍ਰਭਾਵਸ਼ਾਲੀ ਨਹੀਂ ਹੈ, ਭਾਵ ਲਾਗਤ ਅਨੁਸਾਰ ਫਾਇਦਾ ਨਾ ਮਿਲਣ ਦੇ ਅਨੁਮਾਨ ਦੇ ਕਾਰਨ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ।
Railways has "dropped" project to provide internet connection in trains because it was not cost effective: Govt
— Press Trust of India (@PTI_News) August 4, 2021
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਕਿਹਾ ਕਿ ਇਕ ਪਾਇਲਟ ਪ੍ਰਾਜੈਕਟ ਯੋਜਨਾਤਹਿਤ ਹਾਵੜਾ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਵਿਚ ਉਪਗ੍ਰਹਿ ਸੰਚਾਰ ਤਕਨੀਕ ਦੀ ਮਦਦ ਨਾਲ ਵਾਈ-ਫਾਈ ਇੰਟਰਨੈੱਟ ਸੇਵਾ ਪ੍ਰਦਾਨ ਕੀਤੀ ਜਾ ਰਹੀ ਸੀ। ਜੇਕਰ ਸਰਕਾਰ ਦੀ ਮੰਨੀਏ ਤਾਂ ਇਸ ਤਕਨਾਲੋਜੀ ਦੀ ਵਰਤੋਂ ਨਾਲ ਜ਼ਿਆਦਾ ਖ਼ਰਚ ਹੋਣ ਦਾ ਅਨੁਮਾਨ ਲਗਾਇਆ ਹੈ ਕਿਉਂਕਿ ਇਸ ਦੇ ਬੈਂਡਵਿਡਥ ਚਾਰਜ ਜ਼ਿਆਦਾ ਹਨ। ਇਸ ਲਈ ਇਹ ਯੋਜਨਾ ਪ੍ਰਭਾਵਸ਼ਾਲੀ ਨਹੀਂ। ਯਾਤਰੀਆਂ ਲਈ ਇੰਟਰਨੈੱਟ ਬੈਂਡਵਿਡਥ ਦੀ ਉਪਲਬਧਤਾ ਵੀ ਨਾਕਾਫੀ ਸੀ। ਇਸ ਕਾਰਨ ਪ੍ਰਾਜੈਕਟ ਨੂੰ ਛੱਡ ਦਿੱਤਾ ਗਿਆ ਹੈ। ਹਾਲਾਂਕਿ, ਮੰਤਰੀ ਨੇ ਵਾਈ-ਫਾਈ ਇੰਟਰਨੈੱਟ ਲਾਗਤ ਦਾ ਅਨੁਮਾਨ ਸਪੱਸ਼ਟ ਨਹੀਂ ਕੀਤਾ।