ਰਾਤਲੇ ਪਣਬਿਜਲੀ ਪ੍ਰਾਜੈਕਟ ਲਈ 5,200 ਕਰੋੜ ਰੁ: ਦੇ ਪ੍ਰਸਤਾਵ ਨੂੰ ਮਨਜ਼ੂਰੀ
Wednesday, Jan 20, 2021 - 09:50 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਚਿਨਾਬ ਨਦੀ ‘ਤੇ 850 ਮੈਗਾਵਾਟ ਪਣ ਬਿਜਲੀ ਪ੍ਰਾਜੈਕਟ ਲਈ 5281.94 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਇਕ ਸਰਕਾਰੀ ਬਿਆਨ ਅਨੁਸਾਰ ਰਾਸ਼ਟਰੀ ਪਣ ਬਿਜਲੀ ਨਿਗਮ (ਐੱਨ. ਐੱਚ. ਪੀ. ਸੀ.) ਤੇ ਜੰਮੂ-ਕਸ਼ਮੀਰ ਰਾਜ ਬਿਜਲੀ ਵਿਕਾਸ ਨਿਗਮ ਲਿਮਟਿਡ (ਜੇ. ਕੇ. ਐੱਸ. ਪੀ. ਡੀ. ਸੀ.) ਵਿਚਕਾਰ ਇਕ ਨਵੀਂ ਸੰਯੁਕਤ ਉੱਦਮ ਕੰਪਨੀ (ਜੇ. ਵੀ. ਸੀ.) ਬਣਾਈ ਜਾਵੇਗੀ, ਜਿਨ੍ਹਾਂ ਦੀ ਕ੍ਰਮਵਾਰ 51 ਫ਼ੀਸਦੀ ਅਤੇ 49 ਫ਼ੀਸਦੀ ਦੀ ਹਿੱਸੇਦਾਰੀ ਹੋਵੇਗੀ।
ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਇਸ ਨਵੇਂ ਸਾਂਝੇ ਉੱਦਮ ਵਿਚ ਜੇ. ਕੇ. ਐਸ. ਪੀ. ਡੀ. ਸੀ. ਦੇ ਹਿੱਸੇਦਾਰੀ ਲਈ 776.44 ਕਰੋੜ ਰੁਪਏ ਦੀ ਗ੍ਰਾਂਟ ਜ਼ਰੀਏ ਸਹਿਯੋਗ ਕਰੇਗੀ। ਐੱਨ. ਐੱਚ. ਪੀ. ਸੀ. ਆਪਣੇ ਅੰਦਰੂਨੀ ਸਰੋਤਾਂ ਰਾਹੀਂ 808.14 ਕਰੋੜ ਰੁਪਏ ਦਾ ਇਕਵਿਟੀ ਨਿਵੇਸ਼ ਕਰੇਗੀ। ਬਿਆਨ ਅਨੁਸਾਰ, ਰਾਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ 60 ਮਹੀਨਿਆਂ ਵਿਚ ਸੇਵਾ ਪ੍ਰਦਾਨ ਕਰਨਾ ਸ਼ੁਰੂ ਕਰੇਗਾ।