ਪੰਜਾਬ ਦੀ ਮੁੱਖ ਸਕੱਤਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ
Saturday, Sep 26, 2020 - 10:49 PM (IST)
ਚੰਡੀਗੜ੍ਹ— ਪੰਜਾਬ ਦੀ ਮੁੱਖ ਸੱਕਤਰ ਵਿਨੀ ਮਹਾਜਨ ਨੇ ਸ਼ਨੀਵਾਰ ਨੂੰ ਝੋਨੇ ਦੀ ਖਰੀਦ ਲਈ ਸੂਬੇ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਝੋਨੇ ਦੀ ਖਰੀਦ 27 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।
ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਦੇ ਮੱਦੇਨਜ਼ਰ ਇਨ੍ਹਾਂ ਸੂਬਿਆਂ 'ਚ ਤਤਕਾਲ ਪ੍ਰਭਾਵ ਨਾਲ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖਰੀਦ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਸੀ। ਉਂਝ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ।
ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਾਜਨ ਨੇ ਇੱਥੇ ਇਕ ਬੈਠਕ ਦੀ ਅਗਵਾਈ ਕਰਦੇ ਹੋਏ ਸਬੰਧਤ ਵਿਭਾਗਾਂ ਨੂੰ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਤੋਂ ਬਚਣ ਲਈ ਸਮਾਜਿਕ ਦੂਰੀ ਕਾਇਮ ਕਰਨਾ ਯਕੀਨੀ ਕਰਨ ਦੇ ਹੁਕਮ ਦਿੱਤੇ। ਮਹਾਜਨ ਨੇ ਕਿਹਾ ਕਿ ਕੁੱਲ 4,019 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ 'ਚ 152 ਮੁੱਖ ਯਾਰਡ, 283 ਸਬ-ਯਾਰਡ, 1,436 ਖਰੀਦ ਕੇਂਦਰ, 524 ਅਸਥਾਈ ਯਾਰਡ ਅਤੇ 1,624 ਮਿੱਲਾਂ ਸ਼ਾਮਲ ਹਨ। ਇਸ ਦੇ ਨਾਲ ਹੀ ਖਰੀਦ ਕੇਂਦਰਾਂ ਦੀ ਗਿਣਤੀ 4,500 ਤੋਂ ਵੱਧ ਕਰਨ ਦੀ ਸੰਭਾਵਨਾ ਦਾ ਪਤਾ ਲਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ। ਉੱਥੇ ਹੀ, ਚੈੱਕ ਪੁਆਇੰਟ ਸਥਾਪਤ ਕੀਤੇ ਜਾਣਗੇ ਅਤੇ ਵੈਲਿਡ ਪਾਸ ਵਾਲੇ ਸਿਰਫ ਇਕ ਕਿਸਾਨ ਜਾਂ ਪ੍ਰਤੀਨਿਧੀ ਨੂੰ ਮੰਡੀਆਂ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ।