ਪੰਜਾਬ ਦੇ ਸੋਨਾਲੀਕਾ ਟਰੈਕਟਰਾਂ ਦੀ ਮਚੀ ਧੁੰਮ, ਤੋੜੇ ਸਾਰੇ ਰਿਕਾਰਡ
Saturday, Oct 03, 2020 - 01:32 PM (IST)
ਮੁੰਬਈ— ਪੰਜਾਬ ਦੇ ਹੁਸ਼ਿਆਰਪੁਰ ਦੀ ਕੰਪਨੀ ਸੋਨਾਲੀਕਾ ਦੇ ਟਰੈਕਟਰਾਂ ਦੀ ਧੁੰਮ ਮਚੀ ਹੋਈ ਹੈ। ਸਤੰਬਰ 'ਚ ਇਨ੍ਹਾਂ ਦੀ ਰਿਕਾਰਡ ਤੋੜ ਵਿਕਰੀ ਹੋਈ ਹੈ।
ਸੋਨਾਲੀਕਾ ਟਰੈਕਟਰਾਂ ਦੀ ਕੁੱਲ ਵਿਕਰੀ ਸਤੰਬਰ 'ਚ ਸਾਲ-ਦਰ-ਸਾਲ ਦੇ ਆਧਾਰ 'ਤੇ 46 ਫੀਸਦੀ ਦੀ ਵੱਡੀ ਛਲਾਂਗ ਲਾ ਕੇ 17,704 ਯੂਨਿਟਸ 'ਤੇ ਪਹੁੰਚ ਗਈ। ਇਸ 'ਚੋਂ ਬਰਾਮਦ ਹੋਏ ਅਤੇ ਘਰੇਲੂ ਬਾਜ਼ਾਰਾਂ 'ਚ ਵਿਕੇ ਟਰੈਕਟਰਾਂ ਦੀ ਗੱਲ ਕਰੀਏ ਤਾਂ ਸਤੰਬਰ 'ਚ ਘਰੇਲੂ ਬਾਜ਼ਾਰ 'ਚ ਕੰਪਨੀ ਦੇ 16,000 ਟਰੈਕਟਰ ਵਿਕੇ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 51.4 ਫੀਸਦੀ ਵੱਧ ਹਨ। ਪਿਛਲੇ ਸਾਲ ਇਸ ਮਹੀਨੇ ਸੋਨਾਲੀਕਾ ਦੇ 10,571 ਟਰੈਕਟਰ ਵਿਕੇ ਸਨ।
ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ ਨੂੰ ਕੰਪਨੀ ਦੇ ਟਰੈਕਟਰਾਂ ਦੀ ਵਿਕਰੀ ਪਿਛਲੇ ਸਾਲ ਦੇ ਸਤੰਬਰ ਮਹੀਨੇ 'ਚ ਹੋਈ 1,552 ਯੂਨਿਟਸ ਤੋਂ ਵੱਧ ਕੇ ਇਸ ਸਾਲ ਸਤੰਬਰ 'ਚ 1,704 ਯੂਨਿਟਸ 'ਤੇ ਪਹੁੰਚ ਗਈ, ਯਾਨੀ ਬਰਾਮਦ 'ਚ ਸੋਨਾਲੀਕਾ ਟਰੈਕਟਰਾਂ ਨੇ 9.8 ਫੀਸਦੀ ਦਾ ਵਾਧਾ ਦਰਜ ਕੀਤਾ।
ਸੋਨਾਲੀਕਾ ਨੇ ਸਤੰਬਰ 'ਚ ਸਿਰਫ ਟਰੈਕਟਰ ਹੀ ਨਹੀਂ ਸਗੋਂ ਖੇਤੀ ਨਾਲ ਜੁੜੇ ਹੋਰ ਸਾਜੋ-ਸਾਮਾਨਾਂ ਦੀ ਵਿਕਰੀ 'ਚ ਵੀ ਜ਼ਬਰਦਸਤ ਵਾਧਾ ਦਰਜ ਕੀਤਾ ਹੈ। ਇਸ ਦੌਰਾਨ ਕੰਪਨੀ ਨੇ 6,400 ਖੇਤੀ ਸੰਦਾਂ ਦੀ ਵਿਕਰੀ ਕੀਤੀ, ਜੋ ਕਿ ਸਤੰਬਰ 2019 ਦੇ ਮੁਕਾਬਲੇ 135 ਫੀਸਦੀ ਵੱਧ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਸੋਨਾਲੀਕਾ ਟਰੈਕਟਰਾਂ ਨੇ ਸਤੰਬਰ 'ਚ ਵਿਕਰੀ ਦੇ ਮਾਮਲੇ 'ਚ ਇਡਸਟਰੀ 'ਚ ਸਭ ਤੋ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ ਛਿਮਾਹੀ 'ਚ ਸੋਨਾਲੀਕਾ ਦੇ 63,561 ਟਰੈਕਟਰ ਵਿਕੇ ਹਨ, ਜੋ ਕਿ ਛਿਮਾਹੀ 'ਚ ਹੁਣ ਤੱਕ ਦੀ ਰਿਕਾਰਡ ਤੋੜ ਵਿਕਰੀ ਹੈ।