ਬੈਂਕਾਂ ਨੂੰ ਅਗਲੇ 2 ਸਾਲਾਂ ''ਚ 2,100 ਅਰਬ ਰੁਪਏ ਤੱਕ ਪੂੰਜੀ ਦੀ ਲੋੜ ਹੋਵੇਗੀ : ਮੂਡੀਜ਼

Friday, Aug 21, 2020 - 11:42 PM (IST)

ਬੈਂਕਾਂ ਨੂੰ ਅਗਲੇ 2 ਸਾਲਾਂ ''ਚ 2,100 ਅਰਬ ਰੁਪਏ ਤੱਕ ਪੂੰਜੀ ਦੀ ਲੋੜ ਹੋਵੇਗੀ : ਮੂਡੀਜ਼

ਨਵੀਂ ਦਿੱਲੀ (ਭਾਸ਼ਾ)–ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਨੂੰ ਅਗਲੇ 2 ਸਾਲਾਂ  'ਚ 2100 ਅਰਬ ਰੁਪਏ ਤੱਕ ਬਾਹਰੀ ਪੂੰਜੀ ਦੀ ਲੋੜ ਹੋਵੇਗੀ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਸਰਕਾਰੀ ਸਮਰਥਨ ਸਭ ਤੋਂ ਵੱਧ ਭਰੋਸੇਮੰਦ ਸਰੋਤ ਹੋਵੇਗਾ। ਮੂਡੀਜ਼ ਮੁਤਾਬਕ ਭਾਰਤ ਦੇ ਆਰਥਿਕ ਵਿਕਾਸ 'ਚ ਤੇਜ਼ ਗਿਰਾਵਟ ਅਤੇ ਕੋਰੋਨਾ ਵਾਇਰਸ ਦੇ ਕਹਿਰ ਨਾਲ ਪੀ. ਐੱਸ. ਬੀ. ਦੀਆਂ ਜਾਇਦਾਦਾਂ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚੇਗਾ ਅਤੇ ਕਰਜ਼ਾ ਲਾਗਤ ਵਧੇਗੀ।

ਮੂਡੀਜ਼ ਦੀ ਉਪ ਪ੍ਰਧਾਨ ਅਤੇ ਸੀਨੀਅਰ ਕਰਜ਼ਾ ਅਧਿਕਾਰੀ ਅਲਕਾ ਅੰਬਰਾਸੂ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਪੀ. ਐੱਸ. ਬੀ. ਦੇ ਕਮਜ਼ੋਰ ਪੂੰਜੀਗਤ ਭੰਡਾਰ, ਜੋ ਇਸ ਸਮੇਂ 1,900 ਅਰਬ ਰੁਪਏ ਹੈ, ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਲਈ ਅਗਲੇ 2 ਸਾਲਾਂ ਦੌਰਾਨ 2,100 ਅਰਬ ਰੁਪਏ ਤੱਕ ਬਾਹਰੀ ਪੂੰਜੀ ਦੀ ਲੋੜ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਬੈਂਕਿੰਗ ਪ੍ਰਣਾਲੀ 'ਚ ਪੀ. ਐੱਸ. ਬੀ. ਦਾ ਦਬਦਬਾ ਹੈ ਅਤੇ ਅਜਿਹੇ 'ਚ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਅਸਫਲਤਾ ਵਿੱਤੀ ਸਥਿਰਤਾ ਨੂੰ ਖਤਰੇ 'ਚ ਪਾ ਸਕਦੀ ਹੈ।

ਅੰਬਰਾਸੂ ਨੇ ਕਿਹਾ ਕਿ ਅਜਿਹੇ 'ਚ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਦਾ ਸਮਰਥਨ ਅੱਗੇ ਵੀ ਜਾਰੀ ਰਹੇਗਾ। ਮੂਡੀਜ਼ ਨੇ 'ਕੋਰੋਨਾ ਵਾਇਰਸ ਕਾਰਣ ਬੈਂਕਾਂ ਕੋਲ ਇਕ ਵਾਰ ਮੁੜ ਹੋਵੇਗੀ ਪੂੰਜੀ ਦੀ ਕਮੀ' ਸਿਰਲੇਖ ਵਾਲੀ ਇਸ ਰਿਪੋਰਟ 'ਚ ਕਿਹਾ ਕਿ ਖਾਸ ਤੌਰ 'ਤੇ ਪ੍ਰਚੂਨ ਅਤੇ ਛੋਟੇ ਕਾਰੋਬਾਰੀ ਕਰਜ਼ਿਆਂ ਕਾਰਣ ਜਾਇਦਾਦ ਦੀ ਗੁਣਵੱਤਾ ਵਿਗੜ ਜਾਏਗੀ।


author

Karan Kumar

Content Editor

Related News