ਭਾਰਤ 'ਚ ਚੀਨੀ ਮੋਬਾਇਲ ਕੰਪਨੀਆਂ ਦੇ ਸਮਾਰਟ ਫੋਨਾਂ ਦਾ ਉਤਪਾਦਨ ਡਿੱਗਾ

07/03/2020 6:55:20 PM

ਨਵੀਂ ਦਿੱਲੀ— ਸ਼ਓਮੀ, ਓਪੋ, ਵੀਵੋ ਅਤੇ ਰੀਅਲਮੀ ਵਰਗੀਆਂ ਚੀਨੀ ਕੰਪਨੀਆਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਸਮਾਰਟ ਫੋਨਾਂ ਦਾ ਉਤਪਾਦਨ ਇਸ ਸਮੇਂ ਕਾਫ਼ੀ ਪ੍ਰਭਾਵਿਤ ਹੋਇਆ ਹੈ।

ਇਸ ਦੀ ਵਜ੍ਹਾ ਇਹ ਹੈ ਕਿ ਚੀਨ ਤੋਂ ਆਉਣ ਵਾਲੇ ਇਨ੍ਹਾਂ ਦੇ ਕਲ-ਪੁਰਜ਼ੇ ਨਹੀਂ ਪਹੁੰਚ ਪਾ ਰਹੇ ਹਨ, ਕਿਉਂਕਿ ਬੰਦਰਗਾਹਾਂ 'ਤੇ ਮੌਜੂਦਾ ਸਮੇਂ ਸਖਤ ਚੈਕਿੰਗ ਹੋ ਰਹੀ ਹੈ ਅਤੇ ਸਪਲਾਈ ਘੱਟ ਗਈ ਹੈ। ਦੂਜੇ ਪਾਸੇ, ਕੋਰੋਨਾ ਸੇਫਟੀ ਪ੍ਰੋਟੋਕੋਲ ਕਾਰਨ ਲੇਬਰ ਦੀ ਘਾਟ ਨੇ ਸਥਿਤੀ ਨੂੰ ਹੋਰ ਖਰਾਬ ਕਰ ਦਿੱਤਾ ਹੈ। ਇਸ ਵਜ੍ਹਾ ਨਾਲ ਇਨ੍ਹਾਂ ਸਮਾਰਟ ਫੋਨਾਂ ਦਾ ਉਤਪਾਦਨ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 30-40 ਫੀਸਦੀ ਘੱਟ ਗਿਆ ਹੈ।

ਸੀਨੀਅਰ ਉਦਯੋਗਿਕ ਅਧਿਕਾਰੀਆਂ ਮੁਤਾਬਕ, ਇਸ ਸਮੇਂ ਚੀਨੀ ਕੰਪਨੀਆਂ ਮੰਗ ਨੂੰ ਪੂਰਾ ਨਹੀਂ ਕਰ ਪਾ ਰਹੀਆਂ ਹਨ। ਕੰਪਨੀਆਂ ਅਥਾਰਟੀਜ਼ ਨਾਲ ਗੱਲ ਕਰ ਰਹੀਆਂ ਹਨ ਅਤੇ ਕੋਸ਼ਿਸ਼ ਹੋ ਰਹੀ ਹੈ ਕਿ ਬੰਦਰਗਾਹਾਂ 'ਤੇ ਫਸਿਆ ਸਾਮਾਨ ਉੱਥੋਂ ਕੱਢ ਕੇ ਕੰਪਨੀਆਂ ਤੱਕ ਪਹੁੰਚ ਸਕੇ।
ਇਕ ਚੋਟੀ ਦੀ ਚੀਨੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਨ੍ਹਾਂ ਦਿਨਾਂ 'ਚ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਸਾਮਾਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇੱਧਰ-ਉੱਧਰ ਘੁੰਮਣ 'ਚ ਹੀ ਨਿਕਲ ਰਿਹਾ ਹੈ ਅਤੇ ਉਹ ਕੰਪਨੀ ਦੇ ਕੰਮ 'ਚ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੇ ਹਨ। ਇਕ ਹੋਰ ਚੀਨੀ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੰਦਰਗਾਹਾਂ 'ਤੇ ਫਸਿਆ ਮਾਲ ਹੌਲੀ-ਹੌਲੀ ਨਿਕਲ ਰਿਹਾ ਹੈ ਪਰ ਸਥਿਤੀ ਅਜੇ ਵੀ ਚਿੰਤਾਜਨਕ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਅੱਜ ਦੀ ਇਸ ਸਥਿਤੀ 'ਚ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੈ, ਜਦੋਂ ਸਾਨੂੰ ਇਹ ਵੀ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ 'ਚ ਸਪਲਾਈ ਉਪਲਬਧ ਹੋਵੇਗੀ ਜਾਂ ਨਹੀਂ। ਅਜਿਹੇ 'ਚ ਅਸੀਂ ਕਿਵੇਂ ਆਪਣੇ ਮਾਡਲ ਤਿਆਰ ਕਰੀਏ ਅਤੇ ਕਿਵੇਂ ਵਿਕਰੀ ਦੀ ਯੋਜਨਾ ਬਣਾਈਏ?


Sanjeev

Content Editor

Related News