ਨਿੱਜੀ ਟਰੇਨਾਂ ਨੂੰ ਕਿਰਾਏ 'ਤੇ ਫੈਸਲਾ ਲੈਣ ਦੀ ਛੋਟ, ਮਹਿੰਗੀ ਹੋਵੇਗੀ ਟਿਕਟ!

07/07/2020 6:05:57 PM

ਨਵੀਂ ਦਿੱਲੀ— ਭਾਰਤੀ ਰੇਲਵੇ ਜਨਤਕ ਨਿੱਜੀ ਭਾਈਵਾਲੀ (ਪੀ. ਪੀ. ਪੀ.) ਨਾਲ 100 ਮਾਰਗਾਂ 'ਤੇ 151 ਰੇਲ ਗੱਡੀਆਂ ਨੂੰ ਚਲਾਉਣ ਦੀ ਕਮਰ ਕੱਸ ਰਿਹਾ ਹੈ। ਇਸ ਵਿਚਕਾਰ ਖ਼ਬਰ ਹੈ ਕਿ ਰੇਲਵੇ ਨਿੱਜੀ ਫਰਮਾਂ ਨੂੰ ਕਿਰਾਏ 'ਤੇ ਫੈਸਲਾ ਲੈਣ ਦੀ ਖੁੱਲ੍ਹ ਦੇਵੇਗਾ, ਯਾਨੀ ਬਿਹਤਰ ਤੇ ਆਧੁਨਿਕ ਸੁਵਿਧਾਵਾਂ ਦੇ ਨਾਲ-ਨਾਲ ਤੁਹਾਨੂੰ ਜੇਬ ਵੀ ਢਿੱਲੀ ਕਰਨੀ ਪੈ ਸਕਦੀ ਹੈ। ਜਾਣਕਾਰੀ ਮੁਤਾਬਕ ਨਿੱਜੀ ਰੇਲ ਗੱਡੀਆਂ 'ਚ ਵੀ ਜਹਾਜ਼ ਦੀ ਤਰ੍ਹਾਂ ਪਸੰਦੀਦਾ ਸੀਟ ਲਈ ਭੁਗਤਾਨ ਕਰਨਾ ਪੈ ਸਕਦਾ ਹੈ।


ਇਨ੍ਹਾਂ ਕੰਪਨੀਆਂ ਵੱਲੋਂ ਚਲਾਈਆਂ ਜਾਣ ਵਾਲੀਆਂ ਟਰੇਨਾਂ ਦੀ ਬੁਕਿੰਗ ਰੇਲਵੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਜ਼ਰੀਏ ਹੀ ਹੋਵੇਗੀ। ਇਸ ਦੇ ਨਾਲ ਹੀ ਕੰਪਨੀਆਂ ਨੂੰ ਕੁੱਲ ਕਮਾਈ ਦਾ ਇਕ ਹਿੱਸਾ ਰੇਲਵੇ ਨਾਲ ਵੀ ਸਾਂਝਾ ਕਰਨਾ ਹੋਵੇਗਾ। ਰੇਲਵੇ ਦਾ ਹਿੱਸਾ ਨਿਲਾਮੀ ਦੀ ਪ੍ਰਕਿਰਿਆ ਤਹਿਤ ਨਿਰਧਾਰਤ ਹੋਵੇਗਾ। ਹਰ ਰੇਲਗੱਡੀ 'ਚ ਘੱਟੋ-ਘੱਟ 16 ਡੱਬੇ ਹੋਣਗੇ। ਇਨ੍ਹਾਂ 'ਚੋਂ ਜ਼ਿਆਦਾਤਰ ਰੇਲ ਗੱਡੀਆਂ ਨੂੰ ਭਾਰਤ 'ਚ ਹੀ ਬਣਾਇਆ ਜਾਵੇਗਾ।

ਨਿੱਜੀ ਰੇਲ ਗੱਡੀਆਂ ਲਈ ਵਿੱਤੀ ਬੋਲੀ ਫਰਵਰੀ-ਮਾਰਚ 2021 ਤੱਕ ਖੁੱਲ੍ਹ ਜਾਵੇਗੀ ਅਤੇ ਅਪ੍ਰੈਲ 2023 ਤੱਕ ਨਿੱਜੀ ਰੇਲ ਗੱਡੀਆਂ ਚਾਲੂ ਹੋ ਜਾਣਗੀਆਂ। ਇਸ ਪ੍ਰਾਜੈਕਟ 'ਚ ਨਿੱਜੀ ਖੇਤਰ ਦਾ ਲਗਭਗ 30,000 ਕਰੋੜ ਦਾ ਨਿਵੇਸ਼ ਹੋਣ ਦਾ ਅਨੁਮਾਨ ਹੈ। ਕਿਹਾ ਜਾ ਰਿਹਾ ਹੈ ਕਿ ਇਹ ਰੇਲ ਗੱਡੀਆਂ ਜਿਨ੍ਹਾਂ ਮਾਰਗਾਂ 'ਤੇ ਚੱਲਣਗੀਆਂ ਉਨ੍ਹਾਂ 'ਚ ਬੈਂਗਲੁਰੂ, ਚੰਡੀਗੜ੍ਹ, ਜੈਪੁਰ, ਦਿੱਲੀ, ਮੁੰਬਈ, ਪਟਨਾ, ਪ੍ਰਯਾਗਰਾਜ, ਹਾਵੜਾ, ਚੇਨਈ, ਸਿਕੰਦਰਬਾਦ ਸ਼ਾਮਲ ਹਨ। ਇਨ੍ਹਾਂ ਰੇਲ ਗੱਡੀਆਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਨਿੱਜੀ ਕੰਪਨੀਆਂ ਦੀ ਹੋਵੇਗੀ। ਇਨ੍ਹਾਂ 'ਚ ਅਰਾਮਦਾਇਕ ਸਫਰ ਮੁਹੱਈਆ ਕਰਾਉਣ ਦੇ ਨਾਲ ਵਾਈ-ਫਾਈ ਦੀ ਸੁਵਿਧਾ ਵੀ ਹੋਵੇਗੀ।


Sanjeev

Content Editor

Related News