ਏਅਰ ਇੰਡੀਆ ਦੀ ਲਿਸਟਿੰਗ ਦੀ ਤਿਆਰੀ : ਸੂਤਰ

06/14/2018 8:56:59 AM

ਨਵੀਂ ਦਿੱਲੀ - ਸਰਕਾਰੀ ਹਵਾਬਾਜ਼ੀ ਸੇਵਾ ਕੰਪਨੀ ਏਅਰ ਇੰਡੀਆ (ਮਹਾਰਾਜਾ) ਦੇ ਰਣਨੀਤੀ ਵਿਨਿਵੇਸ਼ ਦੀ ਪ੍ਰਕਿਰਿਆ ਅਸਫਲ ਰਹਿਣ ਤੋਂ ਬਾਅਦ ਹੁਣ ਸਰਕਾਰ ਇਸ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਨ 'ਤੇ ਵਿਚਾਰ ਕਰ ਰਹੀ ਹੈ।
ਏਅਰ ਇੰਡੀਆ ਦੀ ਵਿਨਿਵੇਸ਼ ਪ੍ਰਕਿਰਿਆ ਦੇ ਜਾਣਕਾਰ ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਨਵੇਂ ਸਿਰੇ ਤੋਂ ਵਿਨਿਵੇਸ਼ ਪ੍ਰਕਿਰਿਆ ਸ਼ੁਰੂ ਕਰਨ ਲਈ ਵੱਖ-ਵੱਖ ਮਾਡਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ 'ਚ ਇਕ ਇਸ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਨ ਦਾ ਵੀ ਹੈ। ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਨ ਲਈ ਸ਼ੁਰੂਆਤੀ ਜਨਤਕ ਆਊਟਪੁਟ ਰਾਹੀਂ ਕੁਝ ਹਿੱਸੇਦਾਰੀ ਵੇਚੀ ਜਾ ਸਕਦੀ ਹੈ। ਇਸ ਤੋਂ ਬਾਅਦ ਸ਼ੇਅਰਾਂ ਦੇ ਭਾਅ ਵਧਣ 'ਤੇ ਸਰਕਾਰ ਹੋਰ ਹਿੱਸੇਦਾਰੀ ਵੇਚ ਕੇ ਘਾਟੇ 'ਚ ਚੱਲ ਰਹੀ ਕੰਪਨੀ ਨੂੰ ਮੁਨਾਫੇ 'ਚ ਲਿਆ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੰਟਰੋਲ ਵੀ ਸਰਕਾਰ ਕੋਲ ਰਹੇਗਾ ਤੇ ਏਅਰਲਾਈਨਜ਼ ਮੁਨਾਫੇ 'ਚ ਵੀ ਆ ਜਾਵੇਗੀ। ਅਜੇ ਹੋਰ ਬਦਲ ਵੀ ਖੁੱਲ੍ਹੇ ਹੋਏ ਹਨ ਪਰ ਉਨ੍ਹਾਂ ਦੇ ਨਾਲ-ਨਾਲ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਨ ਦੇ ਬਦਲ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ 50,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ 'ਚ ਡੁੱਬੀ ਹੋਈ ਹੈ ਅਤੇ ਸਰਕਾਰ ਇਸ ਨੂੰ ਬਚਾਉਣ ਲਈ ਵੱਖ-ਵੱਖ ਮਾਡਲਾਂ 'ਤੇ ਵਿਚਾਰ ਕਰ ਰਹੀ ਹੈ।


Related News