ਬਿਜਲੀ ਦੀ ਖਪਤ ਮਈ ਦੇ ਪਹਿਲੇ ਹਫ਼ਤੇ ਵਧੀ, ਬੀਤੇ ਸਾਲ ਨਾਲੋਂ ਚੀਜ਼ਾਂ ਬਿਹਤਰ?
Sunday, May 09, 2021 - 12:07 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਵਿਚਕਾਰ ਮਈ ਦੇ ਪਹਿਲੇ ਹਫ਼ਤੇ ਵਿਚ ਸਾਲਾਨਾ ਆਧਾਰ 'ਤੇ ਬਿਜਲੀ ਖਪਤ 25 ਫ਼ੀਸਦੀ ਵੱਧ ਕੇ 26.24 ਅਰਬ ਯੂਨਿਟ ਰਹੀ। ਇਹ ਬਿਜਲੀ ਦੀ ਉਦਯੋਗਿਕ ਤੇ ਵਪਾਰਕ ਮੰਗ ਵਿਚ ਨਿਰੰਤਰ ਸੁਧਾਰ ਨੂੰ ਦਰਸਾਉਂਦਾ ਹੈ। ਪਿਛਲੇ ਸਾਲ ਮਈ ਵਿਚ ਪੂਰੇ ਮਹੀਨੇ ਦੌਰਾਨ ਬਿਜਲੀ ਦੀ ਖਪਤ 102.08 ਅਰਬ ਯੂਨਿਟ ਸੀ।
ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਉਦਯੋਗਿਕ ਤੇ ਵਪਾਰਕ ਕੰਮਕਾਜ ਚੰਗੇ ਚੱਲ ਰਹੇ ਹਨ। ਬਿਜਲੀ ਦੀ ਜ਼ਿਆਦਾ ਮੰਗ 6 ਮਈ 2021 ਨੂੰ 1,68,780 ਮੈਗਾਵਾਟ 'ਤੇ ਪਹੁੰਚ ਗਈ। ਇਹ ਪਿਛਲੇ ਸਾਲ 7 ਮਈ ਨੂੰ ਸਰਵਉੱਚ 1,38,600 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਤਕਰੀਬਨ 22 ਫ਼ੀਸਦੀ ਜ਼ਿਆਦਾ ਹੈ।
ਬਿਜਲੀ ਦੀ ਖਪਤ ਅਪ੍ਰੈਲ ਵਿਚ 41 ਫ਼ੀਸਦੀ ਵੱਧ ਕੇ 1,19,270 ਮੈਗਾਵਾਟ ਰਹੀ। ਇਸ ਤੋਂ ਪਿਛਲੇ ਸਾਲ ਅਪ੍ਰੈਲ ਵਿਚ ਬਿਜਲੀ ਦੀ ਖਪਤ ਘੱਟ ਕੇ 84,550 ਮੈਗਾਵਾਟ ਰਹੀ ਸੀ। ਇਸ ਦਾ ਕਾਰਨ ਕੋਰੋਨਾ ਦੀ ਰੋਕਥਾਮ ਲਈ ਪਿਛਲੇ ਸਾਲ ਮਾਰਚ ਦੇ ਅੰਤਿਮ ਹਫ਼ਤੇ ਵਿਚ ਲਾਈ ਗਈ ਤਾਲਾਬੰਦੀ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਅਤੇ ਉਸ ਨੂੰ ਕਾਬੂ ਵਿਚ ਲਿਆਉਣ ਲਈ ਵੱਖ-ਵੱਖ ਰਾਜਾਂ ਵਿਚ ਲੱਗੀ ਤਾਲਾਬੰਦੀ ਤੇ ਹੋਰ ਪਾਬੰਦੀਆਂ ਦੇ ਬਾਵਜੂਦ ਮੰਗ ਅਤੇ ਖਪਤ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪੱਧਰ 'ਤੇ ਤਾਲਾਬੰਦੀ ਵਪਾਰਕ ਅਤੇ ਉਦਯੋਗਿਕ ਬਿਜਲੀ ਦੀ ਖਪਤ ਵਿਚ ਮੁੜ ਸੁਰਜੀਤੀ ਨੂੰ ਪਟੜੀ ਤੋਂ ਉਤਾਰ ਸਕਦੀ ਹੈ।